ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਸਿੰਘ, ਜਿਨਾਂ ਵੱਲੋਂ ਬਤੌਰ ਨਿਰਦੇਸ਼ਕ ਬਣਾਈ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ 'ਦਿ ਬਰਨਿੰਗ ਪੰਜਾਬ' ਸੰਪੂਰਨ ਕਰ ਲਈ ਗਈ ਹੈ, ਜਿਸ ਉਪਰੰਤ ਰਿਲੀਜ਼ ਲਈ ਤਿਆਰ ਇਸ ਫਿਲਮ ਦਾ ਪਹਿਲਾਂ ਲੁੱਕ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। 'ਮਨੀ ਬੋਪਾਰਾਏ ਫਿਲਮਜ਼' ਦੇ ਬੈਨਰ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਜੋਤ ਕਪੂਰ ਵੱਲੋਂ ਕੀਤਾ ਗਿਆ ਹੈ, ਜਦਕਿ ਸਟੋਰੀ ਲੇਖਣ ਗੁਰਮੀਤ ਕੌਰ ਦੁਆਰਾ ਕੀਤਾ ਗਿਆ ਹੈ।
ਪੰਜਾਬ ਦੇ ਮੋਹਾਲੀ ਅਤੇ ਕੁਰਾਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਕੰਮਲ ਕੀਤੀ ਕਿ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਦੁਆਰਾ ਦੋ ਨਵੇਂ ਚਿਹਰੇ ਇਸ਼ਪ੍ਰੀਤ ਸਿੰਘ ਅਤੇ ਅਨੰਨਿਆ ਚੱਢਾ ਸਿਲਵਰ ਸਕਰੀਨ 'ਤੇ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨਗੇ, ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਵਿਚਲੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਨੀਨਾ ਬੰਦੇਲ, ਮਹਾਂਵੀਰ ਭੁੱਲਰ, ਕਨੂ ਮੁਖਰਜੀ, ਮਨੀ ਬੋਪਾਰਾਏ, ਗੁਰਇਕਬਾਲ ਸੰਘੇੜਾ, ਚਰਨਜੀਤ ਸੰਧੂ, ਹਰਜੀਤ ਵਾਲੀਆ, ਸਿਮਰਨ ਸਹਿਜਪਾਲ, ਸੁਖਦੇਵ ਬਰਨਾਲਾ, ਲਖਬੀਰ ਸਿੰਘ ਗਿੱਲ, ਬਿੰਦੂ ਬਰਾੜ, ਗੁਰਪ੍ਰੀਤ ਕੌਰ ਚੱਢਾ, ਸਿਮਰਪਾਲ ਸਿੰਘ, ਰਿਸ਼ੀ ਅਲਕਾ, ਜਗਤਾਰ ਸਿੰਘ ਬੈਨੀਪਾਲ, ਮੁਕੇਸ਼ ਔਲਖ ਸੋਢੀ, ਸ਼ੈਡੀ ਕਲਿਆਣ, ਰਣਧੀਰ ਸਿੱਧੂ, ਨੇਹਾ ਸ਼ਰਮਾ ਬਜਾਜ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ ਬਰਾੜ, ਕਮਲ ਸਿੰਘ, ਪ੍ਰਭਾ ਰਾਏ, ਸਰਬਜੀਤ ਸਿੰਘ ਸ਼ਾਕਾਲ, ਇਕਬਾਲ ਸੰਘੇੜਾ, ਚਰਨਜੀਤ ਸੰਧੂ, ਰਣਜੀਤ ਸਿੰਘ, ਮੰਨਤ ਸੰਘੇੜਾ, ਟਾਈਗਰ ਸਿੰਘ ਆਦਿ ਸ਼ੁਮਾਰ ਹਨ।
ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਸਕਰੀਨਪਲੇ ਅਤੇ ਡਾਇਲਾਗ ਲੇਖਨ ਟਾਈਗਰ ਹਰਮੀਕ ਸਿੰਘ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਇਲਾਵਾ ਇਸ ਆਫ ਬੀਟ ਕੰਨਸੈਪਟ ਅਧਾਰਿਤ ਫਿਲਮ ਦੇ ਹੋਰਨਾਂ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਕੈਮਰਾਮੈਨ ਜੌਹਨੀ ਗਿੱਲ, ਸੰਪਾਦਕ ਸ਼ਸ਼ੀ ਕੁਮਾਰ ਡੋਗਰਾ, ਕੋਰਿਓਗ੍ਰਾਫ਼ਰ ਪੂਨਮ ਸਿੰਘ ਅਤੇ ਸੰਗੀਤਕਾਰ ਜੀ ਅਰਪ ਹਨ, ਜਿੰਨਾਂ ਵੱਲੋਂ ਸੰਗੀਤਬੱਧ ਕੀਤੇ ਗਾਣਿਆਂ ਨੂੰ ਪਿੱਠਵਰਤੀ ਆਵਾਜ਼ਾਂ ਅਮਰਿੰਦਰ ਬੋਬੀ, ਜੈਲੀ, ਮੈਂਡੀ ਕਾਲੜਾ ਅਤੇ ਅਰਪ ਵੱਲੋਂ ਦਿੱਤੀਆਂ ਗਈਆਂ ਹਨ।
ਪੰਜਾਬੀ ਸਿਨੇਮਾ ਦੀਆਂ ਇਸ ਨਵੇਂ ਸਾਲ ਰਿਲੀਜ਼ ਹੋਣ ਜਾ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਇਹ ਫਿਲਮ ਟਾਈਗਰ ਹਰਮੀਕ ਸਿੰਘ ਅਤੇ ਵਿਕਟਰ ਯੋਗਰਾਜ ਸਿੰਘ ਦੀ ਇਕੱਠਿਆਂ ਨਿਰਦੇਸ਼ਿਤ ਕੀਤੀ ਦੂਸਰੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ਹੌਰਰ ਡਰਾਮਾ ਪੰਜਾਬੀ ਫਿਲਮ 'ਤਵਿਤਰੀ' ਦਾ ਨਿਰਦੇਸ਼ਨ ਕਰ ਚੁੱਕੇ ਹਨ, ਜੋ ਵੀ ਜਲਦ ਹੀ ਰਿਲੀਜ਼ ਹੋਵੇਗੀ।