ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਚਰਚਿਤ ਮਾਡਲ ਵਜੋਂ ਆਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਮਾਡਲ ਪ੍ਰਾਂਜਲ ਦਹੀਆ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੁਆਰਾ ਹੁਣ ਪਾਲੀਵੁੱਡ ਵਿੱਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ, ਜਿਸ ਵਿੱਚ ਗਾਇਕ-ਅਦਾਕਾਰ ਗੁਰਨਾਮ ਭੁੱਲਰ ਦੇ ਆਉਣ ਲੀਡ ਭੂਮਿਕਾ ਅਦਾ ਕਰਦੀ ਨਜ਼ਰੀ ਪਵੇਗੀ ਇਹ ਖੂਬਸੂਰਤ ਅਦਾਕਾਰਾ।
'ਓਮ ਜੀ ਸਿਨੇ ਵਰਲਡ' ਅਤੇ 'ਡਾਇਮੰਡਸਟਾਰ ਵਰਲਡਵਾਈਡ' ਵੱਲੋਂ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਅੰਸ਼ੂ ਸਾਹਨੀ, ਮੁਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ, ਲੇਖਨ ਪ੍ਰੀਤ ਸੰਘਰੇੜੀ, ਜਦਕਿ ਨਿਰਦੇਸ਼ਨ ਮਨਵੀਰ ਬਰਾੜ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਫਿਲਮਕਾਰ ਇੱਕ ਹੋਰ ਪ੍ਰਭਾਵ ਭਾਰੀ ਵੱਲ ਵਧਣ ਜਾ ਰਹੇ ਹਨ।
ਰੁਮਾਂਟਿਕ-ਕਾਮੇਡੀ ਅਤੇ ਸੰਗੀਤਮਈ ਟ੍ਰੀਏਗਲ ਪ੍ਰੇਮ ਕਹਾਣੀ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਨਾਮ ਭੁੱਲਰ, ਪ੍ਰਾਂਜਲ ਦਹੀਆ ਅਤੇ ਮਾਹੀ ਸ਼ਰਮਾ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਅੰਮ੍ਰਿਤ ਅੰਬੀ, ਸ਼ਰਨ ਟੋਕਰਾ ਟੀਵੀ ਆਦਿ ਜਿਹੇ ਮੰਨੇ-ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਮੂਲ ਰੂਪ ਵਿੱਚ ਹਰਿਆਣਾ ਦੇ ਫਰੀਦਾਬਾਦ ਨਾਲ ਤਾਲੁਕ ਰੱਖਦੀ ਅਦਾਕਾਰਾ ਪ੍ਰਾਂਜਲ ਦਹੀਆ ਹਰਿਆਣਵੀ ਸੰਗੀਤ ਉਦਯੋਗ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ, ਜੋ ਉਕਤ ਉਦਯੋਗ ਵਿੱਚ ਟੌਪ ਪੁਜੀਸ਼ਨ ਬਰਕਰਾਰ ਰੱਖਦੇ ਹੋਏ ਲਗਾਤਾਰ ਅਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾ ਰਹੀ ਹੈ।
ਜਿਸ ਦਾ ਅਹਿਸਾਸ ਉਨ੍ਹਾਂ ਦਾ ਸੁਪਰ-ਡੁਪਰ ਹਿੱਟ ਰਿਹਾ ਸੰਗੀਤਕ ਪ੍ਰੋਜੈਕਟ '52 ਗਜ ਕਾ ਦਾਮਨ' ਵੀ ਭਲੀਭਾਂਤ ਕਰਵਾ ਚੁੱਕਾ ਹੈ, ਜੋ 1.5 ਬਿਲੀਅਨ ਵਿਊਜ਼ ਦੇ ਨਾਲ ਸਭ ਤੋਂ ਵੱਧ ਦੇਖੇ ਗਏ ਭਾਰਤੀ ਯੂਟਿਊਬ ਵੀਡੀਓਜ਼ (100) ਵਿੱਚੋਂ ਛੇਵੇਂ ਸਥਾਨ 'ਤੇ ਹੈ।
ਪੰਜਾਬੀ ਮਿਊਜ਼ਿਕ ਵੀਡੀਓਜ਼ ਤੋਂ ਲੈ ਕੇ ਹਰਿਆਣਵੀ ਕਲਾ ਖੇਤਰ ਤੱਕ ਆਪਣੀਆਂ ਬਹੁ-ਆਯਾਮੀ ਪ੍ਰਤਿਭਾਵਾਂ ਦਾ ਲੋਹਾ ਮੰਨਵਾ ਚੁੱਕੀ ਇਸ ਹੋਣਹਾਰ ਮਾਡਲ ਅਤੇ ਅਦਾਕਾਰਾ ਦੇ ਹਾਲ ਹੀ ਵਿੱਚ ਸਾਹਮਣੇ ਆਏ ਅਤੇ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਾਲੇ ਮਿਊਜ਼ਿਕ ਵੀਡੀਓ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਮਾਂ ਕਾ ਜਮਾਈ', 'ਕਰਦੀ ਕੀ', 'ਦਾਦਾ ਬਦਮਾਸ਼', 'ਚਾਂਦ' ਆਦਿ ਸ਼ੁਮਾਰ ਰਹੇ ਹਨ।