ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਛੋਟੇ ਪਰਦੇ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਚੁੱਕੇ ਹਨ ਕਾਮੇਡੀ ਅਦਾਕਾਰ ਰਾਜੀਵ ਮਹਿਰਾ, ਜਿੰਨ੍ਹਾਂ ਨੂੰ ਹਾਲੀਆ ਦਿਨੀਂ ਸ਼ੁਰੂ ਹੋਈ ਪੰਜਾਬੀ 'ਹਸੂ ਹਸੂ ਕਰਦੇ ਚਿਹਰੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਅਰਥ-ਭਰਪੂਰ ਅਤੇ ਪਰਿਵਾਰਿਕ ਫਿਲਮ ਵਿੱਚ ਕਾਫ਼ੀ ਵਿਲੱਖਣ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਮੁੰਬਈ ਤੋਂ ਉਚੇਚੇ ਤੌਰ 'ਤੇ ਉਕਤ ਫਿਲਮ ਦਾ ਹਿੱਸਾ ਬਣਨ ਪੰਜਾਬ ਪੁੱਜੇ ਇਸ ਵਰਸਟਾਈਲ ਅਤੇ ਬਿਹਤਰੀਨ ਅਦਾਕਾਰ ਅਨੁਸਾਰ ਭਾਵਨਾਤਮਕਤਾ ਭਰੇ ਕਹਾਣੀਸਾਰ ਅਧੀਨ ਬਣਾਈ ਜਾ ਰਹੀ ਉਨਾਂ ਦੀ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਜੱਸੀ ਮਾਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਏ ਮਿਸ਼ਨ ਰੂਟ 11', 'ਲਪਾਟਾ', 'ਅਧਿਕਾਰ', 'ਲੋਹੜੀ', 'ਲਿੰਵੀਗ ਵਿਦ ਏ ਸਟਰੈਜਰ' ਜਿਹੀਆਂ ਕਈ ਆਫ ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈ ਆਪਣੀ ਪੰਜਾਬੀ ਫਿਲਮ 'ਨਿਸ਼ਾਨਾ' ਵਿੱਚ ਨਿਭਾਏ ਪੁਲਿਸ ਅਫ਼ਸਰ ਦੇ ਰੋਲ ਨੂੰ ਲੈ ਕੇ ਵੀ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਨੇ ਆਪਣੀ ਉਕਤ ਨਵੀਂ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਅਯਾਤ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ 'ਚ ਨਿਰਮਲ ਰਿਸ਼ੀ ਸਮੇਤ ਪੰਜਾਬੀ ਸਿਨੇਮਾ ਦੇ ਕਈ ਮੰਝੇ ਹੋਏ ਚਿਹਰੇ ਲੀਡਿੰਗ ਕਿਰਦਾਰ ਨਿਭਾਅ ਰਹੇ ਹਨ, ਜਿੰਨਾਂ ਨਾਲ ਪ੍ਰਭਾਵਸ਼ਾਲੀ ਰੋਲ ਪਲੇ ਕਰਨਾ ਇੱਕ ਹੋਰ ਯਾਦਗਾਰੀ ਤਜ਼ਰਬੇ ਵਾਂਗ ਹੈ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਮਾਨਸਾ ਅਤੇ ਹੋਰ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਇਸ ਫਿਲਮ ਵਿੱਚ ਪਰਿਵਾਰਿਕ-ਰਿਸ਼ਤਿਆਂ ਦੇ ਵੱਖ-ਵੱਖ ਰੰਗਾਂ, ਕਦਰਾਂ-ਕੀਮਤਾਂ ਅਤੇ ਗੁਆਚਦੇ ਜਾ ਰਹੇ ਅਸਲ ਪੁਰਾਤਨ ਵਿਰਸੇ ਨੂੰ ਪੂਰੀ ਸ਼ਿੱਦਤ ਨਾਲ ਉਭਾਰਿਆ ਜਾ ਰਿਹਾ ਹੈ, ਜਿਸ ਵਿੱਚ ਸਿਨੇਮਾ ਸਿਰਜਣਾਤਮਕਤਾ ਦੇ ਕਈ ਅਨੂਠੇ ਰੰਗ ਵੇਖਣ ਨੂੰ ਮਿਲਣਗੇ।
ਉਨਾਂ ਅੱਗੇ ਕਿਹਾ ਕਿ ਮੌਜੂਦਾ ਕਮਰਸ਼ਿਅਲ ਸਿਨੇਮਾ ਦੌਰ ਦੌਰਾਨ ਇਸ ਤਰ੍ਹਾਂ ਦੀਆਂ ਲਕੀਰ ਹੱਟਵੀਆਂ ਫਿਲਮਾਂ ਬਣਾਉਣਾ ਇੱਕ ਸ਼ਲਾਘਾ ਭਰਿਆ ਉਪਰਾਲਾ ਹੈ, ਜਿਸ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ ਅਤੇ ਤਦ ਹੀ ਸੰਭਵ ਹੈ, ਜਦ ਅਜਿਹੀਆਂ ਫਿਲਮਾਂ ਨੂੰ ਭਰਪੂਰ ਦਰਸ਼ਕ ਹੁੰਗਾਰਾ ਮਿਲੇ।
ਟੈਲੀਵਿਜ਼ਨ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ ਚਿਹਰਿਆਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਇਹ ਬਹੁਪੱਖੀ ਅਦਾਕਾਰ ਮਸ਼ਹੂਰ ਰਿਐਲਟੀ ਸ਼ੋਅ 'ਕਾਮੇਡੀ ਸਰਕਸ ਕੇ ਅਜੂਬੇ' ਤੋਂ ਇਲਾਵਾ ਕਈ ਫਿਲਮਾਂ ਵਿੱਚ ਵੀ ਅਪਣੀ ਨਿਵੇਕਲੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨਾਂ ਵਿੱਚ ਗਿੱਪੀ ਗਰੇਵਾਲ ਸਟਾਰਰ 'ਮਿੱਤਰਾਂ ਦਾ ਨਾਂ ਚੱਲਦਾ', ਸੋਨਮ ਬਾਜਵਾ ਅਤੇ ਨਿੰਜਾ ਨਾਲ 'ਅੜਬ ਮੁਟਿਆਰਾਂ' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਵਿੱਚ ਉਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।