ਚੰਡੀਗੜ੍ਹ: ਬਾਲੀਵੁੱਡ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਇੰਨੀਂ ਦਿਨੀਂ ਯੂਨਾਈਟਿਡ ਕਿੰਗਡਮ ਵਿਖੇ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਗਾਣਿਆਂ ਦਾ ਫਿਲਮਾਂਕਣ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ, ਜਿੰਨ੍ਹਾਂ ਨੂੰ ਕੋਰਿਓਗ੍ਰਾਫ਼ ਕਰਨ ਲਈ ਬਾਲੀਵੁੱਡ ਦੇ ਮਸ਼ਹੂਰ ਡਾਂਸ ਡਾਇਰੈਕਟਰ ਗਣੇਸ਼ ਆਚਾਰੀਆ ਵੀ ਸਕਾਟਲੈਂਡ ਪੁੱਜ ਚੁੱਕੇ ਹਨ, ਜਿੰਨ੍ਹਾਂ ਵੱਲੋਂ ਫਿਲਮਾਏ ਜਾਣ ਵਾਲੇ ਇੰਨ੍ਹਾਂ ਗਾਣਿਆ ਦੀ ਰਿਹਰਸਲ ਦਾ ਸਿਲਸਿਲਾ ਵੀ ਅਪਣੀ ਟੀਮ ਸਮੇਤ ਆਰੰਭ ਕਰ ਦਿੱਤਾ ਗਿਆ ਹੈ।
'ਜੀਓ ਸਟੂਡਿਓਜ਼', 'ਦੇਵਗਨ ਫਿਲਮਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਕਾਮੇਡੀ-ਡ੍ਰਾਮੈਟਿਕ ਫਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ, ਜਯੋਤੀ ਦੇਸ਼ਪਾਂਡੇ, ਐਨਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਕਰ ਰਹੇ ਹਨ।
ਸਾਲ 2012 ਵਿੱਚ ਰਿਲੀਜ਼ ਹੋਈ ਅਤੇ ਸੁਪਰਹਿੱਟ ਰਹੀ 'ਸੰਨ ਆਫ ਸਰਦਾਰ' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਅਜੇ ਦੇਵਗਨ, ਮ੍ਰਿਣਾਲ ਠਾਕੁਰ, ਰਵੀ ਕਿਸ਼ਨ, ਚੰਕੀ ਪਾਂਡੇ, ਵਿੰਦੂ ਦਾਰਾ ਸਿੰਘ, ਨੀਰੂ ਬਾਜਵਾ, ਮੁਕਲ ਦੇਵ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜੋ ਉਕਤ ਸ਼ੂਟਿੰਗ ਮੱਦੇਨਜ਼ਰ ਖੂਬਸੂਰਤ ਦੇਸ਼ ਸਕਾਟਲੈਂਡ ਪੁੱਜੇ ਹੋਏ ਹਨ, ਜਿੱਥੇ ਇੰਨ੍ਹਾਂ ਸਭਨਾਂ ਕਲਾਕਾਰਾਂ ਨਾਲ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।
ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰਬਿੰਦੂ ਬਣੀ ਉਕਤ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜੋ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਹਿੰਦੀ ਸਿਨੇਮਾ ਖੇਤਰ 'ਚ ਇੱਕ ਨਵੀਂ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਸਿਨੇਮਾਟੋਗ੍ਰਾਫ਼ਰ ਦੇ ਰੂਪ ਵਿੱਚ ਬੇਸ਼ੁਮਾਰ ਵੱਡੇ ਪ੍ਰੋਜੈਕਟਸ ਦਾ ਹਿੱਸਾ ਰਹੇ ਇਹ ਹੋਣਹਾਰ ਫਿਲਮਕਾਰ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਸਫ਼ਲ ਨਿਰਦੇਸ਼ਕ ਵਜੋਂ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਜੋ ਗਲੈਮਰ ਦੀ ਦੁਨੀਆਂ ਮੁੰਬਈ 'ਚ ਬਤੌਰ ਸਿਨੇਮਾਟੋਗ੍ਰਾਫ਼ਰ ਅਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਵਿਜੇ ਕੁਮਾਰ ਅਰੋੜਾ ਕਈ ਵੱਡੇ ਪ੍ਰੋਜੈਕਟਸ ਨਾਲ ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਵੀ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ ਹਾਲ ਹੀ ਦੇ ਸਮੇਂ ਸਾਹਮਣੇ ਆਈਆਂ ਕਈ ਸਫਲਤਮ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਨੈਸ਼ਨਲ ਐਵਾਰਡ ਹਾਸਿਲ ਕਰਨ ਵਾਲੀ ਅਤੇ ਐਮੀ ਵਿਰਕ ਸਟਾਰਰ 'ਹਰਜੀਤਾ' ਤੋਂ ਇਲਾਵਾ ਗਿੱਪੀ ਗਰੇਵਾਲ ਦੀ 'ਹਨੀਮੂਨ' ਅਤੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ 'ਕਲੀ ਜੋਟਾ' ਵੀ ਸ਼ਾਮਿਲ ਰਹੀਆਂ ਹਨ।
ਓਧਰ ਇਸ ਸ਼ਾਨਦਾਰ ਫਿਲਮ ਦਾ ਹਿੱਸਾ ਬਣ ਵੈਟਰਨ ਡਾਂਸ ਕੋਰਿਓਗ੍ਰਾਫ਼ਰ ਗਣੇਸ਼ ਅਚਾਰੀਆ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਇਸ ਫਿਲਮ ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਉਨ੍ਹਾਂ ਦੇ ਪਸੰਦ ਦੇ ਸਿਨੇਮਾਟੋਗ੍ਰਾਫ਼ਰ ਰਹੇ ਹਨ, ਜਿੰਨ੍ਹਾਂ ਨੂੰ ਉਹ ਹੀਂ ਨਹੀਂ ਸਿਨੇਮਾ ਨਾਲ ਜੁੜੇ ਸਾਰੇ ਲੋਕ ਚਾਹੇ ਉਹ ਕਲਾਕਾਰ ਹੋਣ ਜਾਂ ਪਰਦੇ ਪਿੱਛੇ ਕੰਮ ਕਰਨ ਵਾਲੇ ਤਕਨੀਸ਼ੀਅਨ, ਸਾਰੇ 'ਦਾਦੂ' ਵਜੋਂ ਸਤਿਕਾਰ ਦਿੰਦੇ ਹਨ, ਜਿੰਨ੍ਹਾਂ ਨਾਲ ਕੋਰਿਓਗ੍ਰਾਫ਼ਰ ਦੇ ਤੌਰ ਉਤੇ ਜਿੰਮੇਵਾਰੀਆਂ ਨੂੰ ਅੰਜ਼ਾਮ ਦੇਣਾ ਇਸ ਵਾਰ ਹੋਰ ਅਨੂਠਾ ਅਤੇ ਯਾਦਗਾਰੀ ਸਿਨੇਮਾ ਤਜ਼ੁਰਬਾ ਰਹੇਗਾ।
- ਕੀ ਤੁਸੀਂ ਜਾਣਦੇ ਹੋ 'ਕਲੀ ਜੋਟਾ' ਦੇ ਨਿਰਦੇਸ਼ਕ ਕਰ ਰਹੇ ਨੇ ਅਜੇ ਦੇਵਗਨ ਦੀ ਫਿਲਮ ਨੂੰ ਡਾਇਰੈਕਟ, ਸ਼ੂਟਿੰਗ ਸ਼ੁਰੂ - Son of Sardaar 2 Shooting
- 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ ਵਿੱਚ ਨਜ਼ਰ ਆਈ ਮ੍ਰਿਣਾਲ ਠਾਕੁਰ - son of sardaar 2 shooting
- ਸੈੱਟ ਉਤੇ ਜਾਣ ਲਈ ਤਿਆਰ ਹੈ 'ਸੰਨ ਆਫ ਸਰਦਾਰ 2', ਵਿਜੇ ਕੁਮਾਰ ਅਰੋੜਾ ਕਰਨਗੇ ਨਿਰਦੇਸ਼ਨ - Son of Sardaar 2