Chal Mera Putt 4: ਪੰਜਾਬੀ ਸਿਨੇਮਾ ਦੀਆਂ ਸੁਪਰ ਡੁਪਰ ਹਿੱਟ ਫਰੈਂਚਾਇਜ਼ ਵਿੱਚ ਸ਼ੁਮਾਰ ਹੋ ਚੁੱਕੀ ਹੈ 'ਚੱਲ ਮੇਰਾ ਪੁੱਤ', ਜਿਸ ਦੇ ਚੌਥੇ ਭਾਗ 'ਚੱਲ ਮੇਰਾ ਪੁੱਤ 4' ਦਾ ਹਾਲ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਸ਼ੂਟਿੰਗ ਆਗਾਜ਼ ਵੱਲ ਵਧਣ ਜਾ ਰਹੀ ਹੈ।
'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਲੇਖਨ ਰਾਕੇਸ਼ ਧਵਨ ਕਰਨਗੇ, ਜਦਕਿ ਨਿਰਦੇਸ਼ਨ ਕਮਾਂਡ ਇੱਕ ਵਾਰ ਫਿਰ ਜਨਜੋਤ ਸਿੰਘ ਸੰਭਾਲਣਗੇ, ਜੋ ਇਸ ਤੋਂ ਪਹਿਲੋਂ ਆਈਆਂ ਇਸੇ ਸੀਰੀਜ਼ ਦੀਆਂ ਤਿੰਨੋ ਫਿਲਮਾਂ ਦਾ ਨਿਰਦੇਸ਼ਨ ਵੀ ਸਫਲਤਾਪੂਰਵਕ ਕਰ ਚੁੱਕੇ ਹਨ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਜੁੜੇ ਐਕਟਰਜ਼ ਦੀ ਸੁਮੇਲਤਾ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈੱਟਅੱਪ ਫਿਲਮ ਵਿੱਚ ਇੱਕ ਵਾਰ ਫਿਰ ਅਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਉਣ ਜਾ ਰਹੇ ਹਨ ਸਟਾਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ, ਜੋ ਰਿਲੀਜ਼ ਹੋਈ ਅਪਣੀ ਨਵੀਂ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਨੂੰ ਲੈ ਕੇ ਦਰਸ਼ਕਾਂ ਦੀ ਖਾਸੀ ਪ੍ਰਸ਼ੰਸਾ ਹਾਸਿਲ ਕਰ ਰਹੇ ਹਨ, ਜਿਸ ਦਾ ਨਿਰਮਾਣ ਵੀ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਰਿਦਮ ਬੁਆਏਜ਼' ਵੱਲੋਂ ਹੀ ਕੀਤਾ ਗਿਆ ਹੈ।
ਸਾਲ 2019, 2020 ਅਤੇ 2021 ਵਿੱਚ ਸਾਹਮਣੇ ਆਈਆਂ ਕ੍ਰਮਵਾਰ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਚੱਲ ਮੇਰਾ ਪੁੱਤ 3' ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਲੰਦਨ ਵਿਖੇ ਹੀ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਸੰਬੰਧਤ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਪਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਅਤੇ ਵੱਡੇ ਬਜਟ ਅਧੀਨ ਬਣਾਈਆਂ ਜਾ ਰਹੀਆਂ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਪੰਜਾਬੀ ਫਿਲਮ ਦੀ ਕਾਰਜਕਾਰੀ ਨਿਰਮਾਤਾ ਵਜੋਂ ਜ਼ਿੰਮੇਵਾਰੀ ਕਾਰਜ ਗਿੱਲ ਹੀ ਸੰਭਾਲਣਗੇ, ਜੋ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਨੂੰ ਨਵੇਂ ਅਯਾਮ ਦੇਣ ਵਿੱਚ ਪਿਛਲੇ ਕਈ ਸਾਲਾਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ।
ਓਧਰ ਜੇਕਰ ਉਕਤ ਫਿਲਮ ਦੇ ਨਿਰਦੇਸ਼ਕ ਜਨਜੋਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਤੋਂ ਇਲਾਵਾ ਉਹ ਇਸੇ ਪ੍ਰੋਡੋਕਸ਼ਨ ਹਾਊਸ ਦੀ ਇੱਕ ਹੋਰ ਸੀਕਵਲ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ2' ਦਾ ਵੀ ਨਿਰਦੇਸ਼ਨ ਕਰ ਰਹੇ ਹਨ, ਜਿਸ ਵਿੱਚ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ।
ਇਹ ਵੀ ਪੜ੍ਹੋ: