ਚੰਡੀਗੜ੍ਹ: ਯੂਏਈ ਦੇ ਸ਼ਾਰਜਾਹ ਵਿਖੇ ਸ਼ੁਰੂ ਹੋ ਚੁੱਕੀ ਹੈ ਸੈਲੀਬ੍ਰਿਟੀ ਕ੍ਰਿਕਟ ਲੀਗ (ਸੀਸੀਐਲ), ਜਿਸ ਦੇ ਮੱਦੇਨਜ਼ਰ ਪੰਜਾਬ ਦੇ ਸ਼ੇਰ ਟੀਮ ਵੀ ਇਸ ਵਿੱਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਲਈ ਇੱਥੇ ਪੁੱਜ ਚੁੱਕੀ ਹੈ। ਟੀਮ ਦੇ ਪ੍ਰਮੁੱਖ ਪੁਨੀਤ ਸਿੰਘ ਅਤੇ ਨਵਰਾਜ ਹੰਸ ਹਨ, ਜਿੰਨਾਂ ਦੀ ਅਗਵਾਈ ਹੇਠ ਵੱਖ-ਵੱਖ ਸੈਲੀਬ੍ਰਿਟੀ ਮੈਚਾਂ ਵਿੱਚ ਭਿੜਨ ਜਾ ਰਹੀ ਇਸ ਟੀਮ ਦੇ ਖਿਡਾਰੀਆਂ ਵਿੱਚ ਸੋਨੂੰ ਸੂਦ, ਬਿਨੂੰ ਢਿੱਲੋਂ, ਅਪਾਰਸ਼ਕਤੀ ਖੁਰਾਣਾ, ਦੇਵ ਖਰੌੜ, ਦਕਸ਼ ਅਜੀਤ ਸਿੰਘ, ਰਾਹੁਲ ਜੇਤਲੀ, ਮਯੂਰ ਮਹਿਤਾ, ਬੱਬਲ ਰਾਏ, ਸੁਯਸ਼ ਰਾਏ, ਮਨਮੀਤ ਸਿੰਘ, ਗੈਵੀ ਚਾਹਲ, ਨਿੰਜਾ, ਵਾਇਰਲ ਪਟੇਲ ਅਤੇ ਸਾਹਿਲ ਆਨੰਦ ਆਦਿ ਸ਼ੁਮਾਰ ਹਨ।
ਉਕਤ ਮੁਲਕ ਵਿਖੇ ਵੱਡੇ ਅਤੇ ਸ਼ਾਨਦਾਰ ਪੱਧਰ ਅਧੀਨ ਆਯੋਜਿਤ ਕੀਤੀ ਜਾ ਰਹੀ ਸੀਸੀਐਲ ਦਾ ਇਹ ਦਸਵਾਂ ਐਡੀਸ਼ਨ ਹੈ, ਜੋ ਪਿਛਲੇ ਸਾਲਾਂ ਨਾਲੋਂ ਵਿਸ਼ਾਲ ਫਾਰਮੈਟ ਅਧੀਨ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਅਤੇ ਹਿੰਦੀ ਐਕਟਰਜ਼ ਦੇ ਬਿਹਤਰੀਨ ਅਧੀਨ ਬਣਾਈ ਗਈ ਟੀਮ ਪੰਜਾਬ ਦੇ ਸ਼ੇਰ ਹਾਲੀਆ ਲੀਗ ਦੌਰਾਨ ਬੇਹੱਦ ਪ੍ਰਭਾਵੀ ਖੇਡ ਦਾ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਦੇ ਮਾਲਿਕ ਪੁਨੀਤ ਸਿੰਘ, ਯੁਵਰਾਜ ਹੰਸ ਅਨੁਸਾਰ ਪ੍ਰਭਾਵਸ਼ਾਲੀ ਆਗਾਜ਼ ਵੱਲ ਵੱਧ ਚੁੱਕੀ ਇਸ ਲੀਗ ਵਿੱਚ ਕਈ ਸੈਲੀਬ੍ਰਿਟੀ ਟੀਮਾਂ ਭਾਗ ਲੈ ਰਹੀਆਂ ਹਨ, ਜਿੰਨਾਂ ਵਿੱਚ ਵੱਖੋ-ਵੱਖਰੇ ਅਤੇ ਬਹੁ-ਭਾਸ਼ਾਈ ਸਿਨੇਮਾ ਉਦਯੋਗਾਂ ਦੇ ਕਰੀਬ 200 ਐਕਟਰਜ਼ ਸ਼ਾਮਿਲ ਹੈ।
ਉਨਾਂ ਅੱਗੇ ਦੱਸਿਆ ਕਿ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਚੁੱਕੀ ਇਸ ਲੀਗ ਦਾ ਸਮਾਪਨ 17 ਮਾਰਚ ਨੂੰ ਫਾਈਨਲ ਮੈਚ ਨਾਲ ਹੋਵੇਗਾ, ਜਿਸ ਵਿੱਚ ਇੱਕ ਵਾਰ ਫਿਰ ਸ਼ਾਨਦਾਰ ਭਾਗੀਦਾਰੀ ਦਰਜ ਕਰਵਾਉਣਾ ਪੰਜਾਬ ਦੇ ਸ਼ੇਰ ਲਈ ਵੀ ਇੱਕ ਹੋਰ ਵੱਡੀ ਚੁਣੌਤੀ ਰਹੇਗੀ। ਉਨ੍ਹਾਂ ਕਿਹਾ ਕਿ ਉਕਤ ਲੀਗ ਵਿੱਚ ਅਪਣੇ ਵਿਲੱਖਣ ਪ੍ਰਦਰਸ਼ਨ ਨੂੰ ਲੈ ਕੇ ਉਨਾਂ ਦੀ ਟੀਮ ਬੇਹੱਦ ਉਤਸ਼ਾਹਿਤ ਹੈ, ਜੋ ਦੂਜੀਆਂ ਟੀਮਾਂ ਨੂੰ ਸਖ਼ਤ ਚੁਣੌਤੀ ਦੇਣ ਦੀ ਪੂਰਨ ਸਮਰੱਥਾ ਰੱਖਦੀ ਹੈ।
ਉਨਾਂ ਅੱਗੇ ਦੱਸਿਆ ਕਿ ਪਿਛਲੇ ਮਹੀਨਿਆਂ ਵਿੱਚ ਟੀਮ ਦੇ ਖਿਡਾਰੀਆਂ ਨੇ ਕਈ ਪ੍ਰਦਰਸ਼ਨੀ ਮੈਚਾਂ ਦੌਰਾਨ ਆਪਣੀ ਖੇਡ ਵਿੱਚ ਕਾਬਿਲੇ ਤਾਰੀਫ ਸੁਧਾਰ ਕੀਤਾ ਹੈ। ਇਸ ਨੂੰ ਵੇਖਦਿਆਂ ਉਨਾਂ ਨੂੰ ਉਮੀਦ ਹੈ ਕਿ ਇਸ ਸ਼ਾਰਜਾਹ ਦੀ ਆਲੀਸ਼ਾਨਤਾ ਭਰੀ ਧਰਤੀ 'ਤੇ ਚੇੱਨਈ ਰਾਈਨੌਜ਼ ਵਿਰੁੱਧ ਖੇਡੇ ਜਾ ਰਹੇ ਅਪਣੇ ਪਹਿਲੇ ਮੈਚ ਵਿੱਚ ਉਹ ਉਮਦਾ ਪ੍ਰਦਰਸ਼ਨ ਕਰਨ ਵਿੱਚ ਜ਼ਰੂਰ ਸਫ਼ਲ ਰਹਿਣਗੇ।
ਉਨਾਂ ਦੱਸਿਆ ਕਿ ਇਸ ਉਪਰੰਤ ਇਹ ਟੀਮ 01 ਮਾਰਚ ਨੂੰ ਹੈਦਰਾਬਾਦ ਵਿੱਚ ਤੇਲਗੂ ਵਾਰੀਅਰਜ਼, 08 ਮਾਰਚ ਨੂੰ ਆਪਣੇ ਹੋਮ ਗਰਾਊਂਡ ਚੰਡੀਗੜ੍ਹ ਵਿੱਚ ਬੰਗਾਲ ਟਾਈਗਰਜ਼ ਨਾਲ ਭਿੜੇਗੀ ਅਤੇ ਉਸ ਤੋਂ ਬਾਅਦ ਬੰਗਾਲ ਟਾਈਗਰਜ਼ ਅਤੇ ਮੁੰਬਈ ਹੀਰੋਜ਼ ਨਾਲ ਦੋ ਹੋਰ ਮੈਚ ਵੀ ਹੋਣਗੇ, ਜਿੰਨਾਂ ਸਾਰਿਆਂ ਵਿੱਚ ਉਨਾਂ ਦੀ ਟੀਮ ਅਗਵਾਈ ਬਾਲੀਵੁੱਡ ਸਟਾਰ ਸੋਨੂੰ ਸੂਦ ਕਰਨਗੇ, ਜਿੰਨਾਂ ਦੀ ਰਹਿਨੁਮਾਈ ਹੇਠ ਇਹ ਟੀਮ ਪਹਿਲਾਂ ਵੀ ਬਹੁਤ ਸਾਰੇ ਮੈਚਾਂ ਵਿੱਚ ਅਪਣੇ ਲਾ-ਜਵਾਬ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੇਸ਼ੁਮਾਰ ਪ੍ਰਾਪਤੀਆਂ ਅਪਣੀ ਝੋਲੀ ਪਾ ਚੁੱਕੀ ਹੈ।