ਚੰਡੀਗੜ੍ਹ: ਸਾਲ 2009 ਵਿੱਚ ਆਈ ਚਰਚਿਤ ਪੀਰੀਅਡ-ਡਰਾਮਾ ਅਤੇ ਇਮੌਸ਼ਨਲ ਸਟੋਰੀ ਅਧਾਰਿਤ 'ਹੀਰ ਰਾਂਝਾ' ਦਾ ਪ੍ਰਭਾਵੀ ਹਿੱਸਾ ਰਹੇ ਮਸ਼ਹੂਰ ਕੈਨੇਡੀਅਨ ਅਦਾਕਾਰ ਗੁਰਸ਼ਰਨ ਮਾਨ ਲੰਮੇਰੇ ਸਮੇਂ ਬਾਅਦ ਇੱਕ ਵਾਰ ਮੁੜ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ, ਜੋ ਜਲਦ ਸ਼ੁਰੂ ਹੋਣ ਜਾ ਰਹੀ ਇੱਕ ਵੱਡੀ ਪੰਜਾਬੀ ਫਿਲਮ ਵਿੱਚ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ।
ਉਕਤ ਨਵੀਂ ਫਿਲਮ ਦੇ ਸ਼ੂਟਿੰਗ ਸਿਲਸਿਲੇ ਅਧੀਨ ਹੀ ਪੰਜਾਬ ਪੁੱਜੇ ਇਸ ਬਿਹਤਰੀਨ ਅਦਾਕਾਰ ਨੇ ਦੱਸਿਆ ਕਿ ਕਈ ਸਾਲਾਂ ਬਾਅਦ ਆਪਣੀ ਅਸਲ ਮਿੱਟੀ ਅਤੇ ਜੜਾਂ ਨਾਲ ਜੁੜਨਾ ਉਨਾਂ ਲਈ ਬਹੁਤ ਹੀ ਸਕੂਨਦਾਇਕ ਅਹਿਸਾਸ ਹੈ, ਜਿਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨਾਂ ਅੱਗੇ ਦੱਸਿਆ ਕਿ ਹਰਭਜਨ ਮਾਨ ਅਤੇ ਨੀਰੂ ਬਾਜਵਾ ਸਟਾਰਰ 'ਹੀਰ ਰਾਂਝਾ' ਨਾਲ ਜੁੜਨਾ ਅਤੇ ਇਸ ਵਿੱਚ ਕੈਦੋਂ ਦਾ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਾ ਉਨਾਂ ਲਈ ਕਾਫ਼ੀ ਚੁਣੌਤੀਪੂਰਨ ਅਤੇ ਯਾਦਗਾਰੀ ਅਨੁਭਵ ਰਿਹਾ ਹੈ, ਜਿਸ ਨੇ ਉਨਾਂ ਨੂੰ ਇੱਕ ਐਕਟਰ ਵਜੋਂ ਸਥਾਪਤੀ ਅਤੇ ਮਾਣ ਸਨਮਾਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਕੈਨੇਡੀਅਨ ਫਿਲਮ ਇੰਡਸਟਰੀ ਵਿੱਚ ਉੱਚ-ਕੋਟੀ ਅਤੇ ਉਮਦਾ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਣ ਵਿੱਚ ਸਫ਼ਲ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਇਸ ਵਤਨੀ ਫੇਰੀ ਦੌਰਾਨ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਅੱਗੇ ਦੱਸਿਆ ਕਿ ਪ੍ਰਮਾਤਮਾ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਤਹਿ ਦਿਲੋਂ ਤੋਂ ਸ਼ੁਕਰਗੁਜ਼ਾਰ ਹਾਂ ਕਿ ਹੁਣ ਤੱਕ ਕੀਤੇ ਹਰੇਕ ਅਦਾਕਾਰੀ ਤਰੱਦਦ ਨੂੰ ਭਰਪੂਰ ਪਿਆਰ ਅਤੇ ਸਨੇਹ ਮਿਲਿਆ ਹੈ।
ਪਰ ਕੈਨੇਡੀਅਨ ਕਲਾ ਅਤੇ ਸਿਨੇਮਾ ਖੇਤਰ ਵਿੱਚ ਮਿਲੀ ਇਸ ਮਣਾਂਮੂਹੀ ਕਾਮਯਾਬੀ ਦੇ ਬਾਵਜੂਦ ਇਸ ਗੱਲ ਦਾ ਮਲਾਲ ਵੀ ਰਹਿੰਦਾ ਹੈ ਕਿ ਅਪਣੀ ਅਸਲ ਧਰਤੀ ਅਤੇ ਇਸ ਨਾਲ ਜੁੜੇ ਸਿਨੇਮਾ ਲਈ ਪਰਿਵਾਰਕ ਅਤੇ ਪ੍ਰੋਫੈਸ਼ਨਲ ਰੁਝੇਵਿਆਂ ਦੇ ਮੱਦੇਨਜ਼ਰ ਜਿਆਦਾ ਸਮਾਂ ਦੇਣਾ ਸੰਭਵ ਨਹੀਂ ਹੋ ਸਕਿਆ, ਪਰ ਹੁਣ ਇਸ ਸਿਨੇਮਾ ਖਲਾਅ ਨੂੰ ਭਰਨ ਅਤੇ ਆਪਣੇ ਇਧਰਲੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜਨ ਦਾ ਪੂਰਨ ਇਰਾਦਾ ਕਰ ਚੁੱਕਾ ਹਾਂ, ਜਿਸ ਸੰਬੰਧੀ ਲਏ ਫੈਸਲੇ ਅਤੇ ਕੀਤੇ ਦ੍ਰਿੜ ਇਰਾਦੇ ਦੀ ਲੜੀ ਦੇ ਤੌਰ 'ਤੇ ਸਾਹਮਣੇ ਆਵੇਗੀ ਉਕਤ ਨਵੀਂ ਪੰਜਾਬੀ ਫਿਲਮ, ਜਿਸ ਦੀ ਸ਼ੁਰੂ ਹੋਣ ਜਾ ਰਹੀ ਸ਼ੂਟਿੰਗ ਅਤੇ ਇਸ ਦਾ ਹਿੱਸਾ ਬਨਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਹਾਂ।
ਆਗਾਮੀ ਯੋਜਨਾਵਾਂ ਸੰਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਸ ਮੰਝੇ ਹੋਏ ਐਕਟਰ ਨੇ ਦੱਸਿਆ ਕਿ ਫਿਲਹਾਲ ਤਾਂ ਇਸ ਫਿਲਮ ਵੱਲ ਹੀ ਪੂਰਾ ਧਿਆਨ ਕੇਂਦਰਿਤ ਕਰ ਰਿਹਾਂ ਹਾਂ, ਜਿਸ ਵਿੱਚ ਗੁੱਗੂ ਗਿੱਲ ਅਤੇ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਕੰਮ ਕਰ ਰਹੇ ਹਨ।