ਚੰਡੀਗੜ੍ਹ: ਪਾਲੀਵੁੱਡ ਸਟਾਰ ਜੈ ਰੰਧਾਵਾ ਦੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਬਦਨਾਮ' ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਦਾ ਕੇਂਦਰ-ਬਿੰਦੂ ਬਣੀ ਹੋਈ ਹੈ, ਜਿਸ ਨੂੰ ਹਰ ਪੱਖੋਂ ਆਹਲਾ ਰੰਗ ਦੇਣ ਲਈ ਫਿਲਮ ਨਿਰਮਾਣ ਟੀਮ ਵੱਲੋਂ ਹਰ ਸੰਭਵ ਕਵਾਇਦ ਅਪਣਾਈ ਜਾ ਰਹੀ ਹੈ ਅਤੇ ਇਸੇ ਮੱਦੇਨਜ਼ਰ ਫਿਲਮ ਦਾ ਹਿੱਸਾ ਬਣੀ ਨਜ਼ਰ ਆਵੇਗੀ ਚਰਚਿਤ ਬਾਲੀਵੁੱਡ ਅਦਾਕਾਰਾ ਨਿੱਕੀ ਤੰਬੋਲੀ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਇੱਕ ਖਾਸ ਆਈਟਮ ਗੀਤ ਨੂੰ ਅੰਜ਼ਾਮ ਦਿੰਦੀ ਨਜ਼ਰੀ ਪਵੇਗੀ।
ਟੈਲੀਵਿਜ਼ਨ ਦੇ ਵਿਵਾਦਿਤ ਅਤੇ ਚਰਚਿਤ ਰਿਐਲਟੀ ਸ਼ੋਅ ਬਿੱਗ ਬੌਸ 14 ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਨਿੱਕੀ ਤੰਬੋਲੀ ਦੀ ਉਕਤ ਪਹਿਲੀ ਪੰਜਾਬੀ ਫਿਲਮ ਹੈ, ਜਿਸ ਦੁਆਰਾ ਇਹ ਖੂਬਸੂਰਤ ਅਦਾਕਾਰਾ ਪਹਿਲੀ ਵਾਰ ਪੰਜਾਬੀ ਸਕ੍ਰੀਨ ਉਪਰ ਆਪਣੀ ਪ੍ਰਭਾਵੀ ਸਕ੍ਰੀਨ ਮੌਜ਼ੂਦਗੀ ਦਾ ਇਜ਼ਹਾਰ ਸਿਨੇਮਾ ਦਰਸ਼ਕਾਂ ਨੂੰ ਕਰਵਾਏਗੀ, ਜੋ ਅਪਣੀ ਇਸ ਪਲੇਠੀ ਪਾਲੀਵੁੱਡ ਆਮਦ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਬੀ-ਟਾਊਨ ਦੇ ਗਲੈਮਰ ਗਲਿਆਰਿਆਂ ਵਿੱਚ ਆਪਣੇ ਬੇਬਾਕਪਣ ਨੂੰ ਲੈ ਕੇ ਲਗਾਤਾਰ ਆਕਰਸ਼ਨ ਬਣੀ ਰਹਿਣ ਵਾਲੀ ਅਦਾਕਾਰਾ ਨਿੱਕੀ ਤੰਬੋਲੀ ਉੱਪਰ ਫਿਲਮਾਏ ਗਏ ਉਕਤ ਆਈਟਮ ਗੀਤ ਨੂੰ ਬੇਹੱਦ ਵਿਸ਼ਾਲ ਕੈਨਵਸ ਪੱਧਰ ਅਧੀਨ ਫਿਲਮਬੱਧ ਕੀਤਾ ਗਿਆ ਹੈ, ਜਿਸ ਵਿੱਚ ਜੈ ਰੰਧਾਵਾ ਦਾ ਵੀ ਇੱਕ ਹੋਰ ਮਸਤੀ ਭਰਿਆ ਖਾਸ ਅੰਦਾਜ਼ ਦਰਸ਼ਕਾਂ ਨੂੰ ਉਸ ਦੇ ਚਾਹੁੰਣ ਵਾਲਿਆਂ ਨੂੰ ਵੇਖਣ ਨੂੰ ਮਿਲੇਗਾ।
'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ-ਡ੍ਰਾਮੈਟਿਕ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਕਾਰਜ ਜੱਸੀ ਲੋਹਕਾ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਦਕਿ ਨਿਰਦੇਸ਼ਨ ਮੁਨੀਸ਼ ਭੱਟ ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ।
ਮੋਹਾਲੀ-ਖਰੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਜੈ ਰੰਧਾਵਾ ਅਤੇ ਚਰਚਿਤ ਬਾਲੀਵੁੱਡ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਨਵ ਵਰ੍ਹੇ 2025 ਦੇ ਮੁੱਢਲੇ ਪੜਾਅ ਦੌਰਾਨ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮੁਕੇਸ਼ ਰਿਸ਼ੀ ਵੀ ਖਾਸ ਹਿੱਸਾ ਬਣਾਏ ਗਏ ਹਨ, ਜੋ ਲੰਮੇਂ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਵਿੱਚ ਅਪਣੇ ਚਿਰ ਪਰਿਚਤ ਖਤਰਨਾਕ ਰੌਂਅ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।
ਇਹ ਵੀ ਪੜ੍ਹੋ: