ਚੰਡੀਗੜ੍ਹ: ਹਾਲੀਆਂ ਦਿਨੀਂ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ 3' ਦੀ ਸੁਪਰ ਡੁਪਰ ਸਫਲਤਾ ਨੇ ਪੰਜਾਬੀ ਸਿਨੇਮਾ ਖੇਤਰ ਵਿੱਚ ਚੌਖੀ ਹਲਚਲ ਪੈਦਾ ਕਰ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਹੀ ਵੱਧ ਰਹੇ ਫਿਲਮ ਨਿਰਮਾਣ ਸਿਲਸਿਲੇ ਨੂੰ ਹੋਰ ਉਭਾਰ ਦੇਣ ਜਾ ਰਹੀ ਹੈ, ਇੱਕ ਹੋਰ ਐਲਾਨੀ ਹੋਈ ਪੰਜਾਬੀ ਫਿਲਮ 'ਸ਼ੁਕਰਾਨਾ', ਜਿਸ ਵਿੱਚ ਨੀਰੂ ਬਾਜਵਾ ਸਮੇਤ ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
'ਵਿਲੇਜ਼ਰ ਫਿਲਮ ਸਟੂਡਿਓ' ਅਤੇ 'ਨਿਊ ਇਰਾ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਨੀਰੂ ਬਾਜਵਾ ਇੰਟਰਟੇਨਮੈਂਟ' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਪਰਿਵਾਰਿਕ-ਡਰਾਮਾ ਅਤੇ ਇਮੋਸ਼ਨਲ ਵਿਸ਼ੇਸਾਰ ਅਧੀਨ ਬੁਣੀ ਜਾ ਰਹੇ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਫਿਲਮਾਂ ਦੇ ਲੇਖਨ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ 'ਗੁੱਡੀਆਂ ਪਟੋਲੇ', 'ਮੈਂ ਤੇ ਬਾਪੂ', 'ਮਾਂ ਦਾ ਲਾਡਲਾ', 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਅਤੇ 'ਬੂਹੇ ਬਾਰੀਆਂ' ਆਦਿ ਸ਼ਾਮਿਲ ਰਹੀਆਂ ਹਨ।
ਦੇਸ਼-ਵਿਦੇਸ਼ ਵਿੱਚ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ 'ਜੱਟ ਐਂਡ ਜੂਲੀਅਟ 3' ਦੀ ਸ਼ਾਨਦਾਰ ਸਫਲਤਾ ਨਾਲ-ਨਾਲ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਿੰਦੂ ਬਣੀ ਅਤੇ ਚੌਖੀ ਸਲਾਹੁਤਾ ਹਾਸਿਲ ਕਰ ਰਹੀ ਨੀਰੂ ਬਾਜਵਾ ਵੱਲੋਂ ਅਪਣੀ ਇਸ ਨਵੀਂ ਫਿਲਮ ਦਾ ਨਿਰਮਾਣ ਆਪਣੇ ਘਰੇਲੂ ਬੈਨਰ ਅਧੀਨ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਜਗਦੀਪ ਸਿੱਧੂ ਦੀ ਨਿਰਦੇਸ਼ਨਾਂ ਹੇਠ ਬਣਨ ਜਾ ਰਹੀ ਇੱਕ ਹੋਰ ਵੱਡੀ ਅਤੇ ਅਨਟਾਈਟਲ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਤਾਨੀਆ ਅਤੇ ਨੀਰੂ ਬਾਜਵਾ ਲੀਡਿੰਗ ਅਤੇ ਪੈਰੇਲਰ ਰੋਲਜ 'ਚ ਨਜ਼ਰ ਆਉਣਗੀਆਂ।
ਓਧਰ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ 'ਨਿੱਕਾ ਜ਼ੈਲਦਾਰ 3' ਅਤੇ 'ਡੈਡੀ ਕੂਲ-ਮੁੰਡੇ ਫੂਲ 2' ਨੂੰ ਆਖਰੀ ਛੋਹਾਂ ਦੇ ਰਿਹਾ ਇਹ ਹੋਣਹਾਰ ਨਿਰਦੇਸ਼ਕ ਬੇਸ਼ੁਮਾਰ ਹਿੱਟ ਫਿਲਮਾਂ ਦੀ ਨਿਰਦੇਸ਼ਨਾਂ ਦਾ ਸਿਹਰਾ ਵੀ ਹਾਸਿਲ ਕਰ ਚੁੱਕਾ ਹੈ, ਜਿੰਨ੍ਹਾਂ ਵਿੱਚ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2' ਤੋਂ ਇਲਾਵਾ 'ਓਏ ਮੱਖਣਾ', 'ਮੁਕਲਾਵਾ', 'ਅੰਗਰੇਜ਼', 'ਡੈਡੀ ਕੂਲ-ਮੁੰਡੇ ਫੂਲ' ਆਦਿ ਸ਼ਾਮਿਲ ਰਹੀਆਂ ਹਨ।