ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ 2016 ਤੋਂ ਲੈ ਕੇ 2019 ਦੇ ਸਾਲਾਂ ਦਰਮਿਆਨ ਦੀਆਂ ਸੁਪਰ-ਡੁਪਰ ਹਿੱਟ ਰਹੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀਆਂ ਫਿਲਮਾਂ ਵਿੱਚ ਸ਼ਾਮਿਲ ਰਹੀਆਂ ਹਨ 'ਨਿੱਕਾ ਜ਼ੈਲਦਾਰ' ਲੜੀ ਅਧੀਨ ਹੁਣ ਤੱਕ ਰਿਲੀਜ਼ ਹੋ ਚੁੱਕੀਆਂ ਤਿੰਨ ਫਿਲਮਾਂ, ਜਿੰਨਾਂ ਦੇ ਹੀ ਅਗਲੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ 'ਨਿੱਕਾ ਜ਼ੈਲਦਾਰ 4', ਜਿਸ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜੋ ਪਾਲੀਵੁੱਡ ਦੇ ਨਾਮਵਰ ਫਿਲਮਕਾਰ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾਵੇਗੀ।
'ਵਾਈਟ ਹਿੱਲ ਸਟੂਡਿਓਜ਼' ਅਤੇ 'ਪਟਿਆਲਾ ਮੋਸ਼ਨ ਪਿਕਚਰਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ, ਰਮਨੀਤ ਸ਼ੇਰ ਸਿੰਘ, ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ ਹਨ, ਜਦਕਿ ਇਸ ਦਾ ਲੇਖਨ ਜਗਦੀਪ ਸਿੰਘ ਸਿੱਧੂ ਕਰਨਗੇ, ਜੋ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋਈਆਂ ਇਸੇ ਸੀਰੀਜ਼ ਦੀਆਂ ਤਿੰਨੋਂ ਫਿਲਮਾਂ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3' ਦਾ ਵੀ ਲੇਖਨ ਸਫਲਤਾ ਪੂਰਵਕ ਕਰ ਚੁੱਕੇ ਹਨ।
ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਇਸ ਫਿਲਮ ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਇੱਕ ਵਾਰ ਫਿਰ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ ਜਿੰਨਾਂ ਨਾਲ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।
ਇਸ ਵਰ੍ਹੇ 2024 ਦੀ ਇੱਕ ਹੋਰ ਵੱਡੀ ਅਤੇ ਮਲਟੀ ਸਟਾਰਰ ਫਿਲਮ ਦੇ ਤੌਰ 'ਤੇ ਆਗਾਜ਼ ਵੱਲ ਵਧਣ ਜਾ ਰਹੀ ਇਹ ਮਲਟੀ-ਸਟਾਰਰ ਫਿਲਮ ਇੱਕ ਕਾਮੇਡੀ ਡਰਾਮਾ ਸਟੋਰੀ ਅਧਾਰਿਤ ਹੋਵੇਗੀ, ਜਿਸ ਨੂੰ ਇਸ ਸੀਕਵਲ ਦੀਆਂ ਪਿਛਲੀਆਂ ਫਿਲਮਾਂ ਵਾਂਗ ਪਰਿਵਾਰਿਕ ਰੰਗ ਪੁੱਟ ਵੀ ਦਿੱਤਾ ਜਾਵੇਗਾ। ਸਤੰਬਰ ਮਹੀਨੇ 2024 ਦੌਰਾਨ ਦੇਸ਼ ਵਿਦੇਸ਼ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਦਾ ਗੀਤ ਸੰਗੀਤ ਪੱਖ ਵੀ ਇਸਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਬਿਹਤਰੀਨ ਸੰਗੀਤਕ ਰੰਗਤ ਦੇਣ ਦੀ ਕਵਾਇਦ ਵੀ ਫਿਲਮ ਨਿਰਮਾਣ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਓਧਰ ਇਸ ਫਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦੇ ਹੁਣ ਤੱਕ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉੱਚਕੋਟੀ ਨਿਰਦੇਸ਼ਕਾਂ ਵਿੱਚ ਸ਼ੁਮਾਰ ਕਰਵਾਉਂਦੇ ਇਸ ਬਿਹਤਰੀਨ ਫਿਲਮਕਾਰ ਵੱਲੋਂ ਬਣਾਈਆਂ ਜਿਆਦਾਤਰ ਫਿਲਮਾਂ ਟਿਕਟ ਖਿੜਕੀ ਉਪਰ ਖਾਸੀ ਸਫਲਤਾ ਬਟੋਰਨ ਦੇ ਨਾਲ-ਨਾਲ ਦਰਸ਼ਕਾਂ ਦੇ ਮਨਾਂ ਵਿੱਚ ਵੀ ਅਮਿਟ ਛੱਡਣ ਵਿੱਚ ਕਾਮਯਾਬ ਰਹੀਆਂ ਹਨ, ਜਿੰਨਾਂ ਵਿੱਚ 'ਚੱਕ ਜਵਾਨਾਂ', 'ਅੰਗਰੇਜ਼', 'ਬਾਜ', 'ਮਰ ਗਏ ਓ ਲੋਕੋ', 'ਡੈਡੀ ਕੂਲ-ਮੁੰਡੇ ਫੂਲ', 'ਸੂਬੇਦਾਰ ਜੋਗਿੰਦਰ ਸਿੰਘ', 'ਮੁਕਲਾਵਾ', 'ਓਏ ਮੱਖਣਾ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਬਣਾਈ ਗਈ ਅਤੇ ਰਿਲੀਜ਼ ਹੋਣ ਜਾ ਰਹੀ 'ਡੈਡੀ ਕੂਲ ਮੁੰਡੇ ਫੂਲ 2' ਵੀ ਇੰਨੀਂ ਦਿਨੀਂ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ।