ਚੰਡੀਗੜ੍ਹ: ਟੈਲੀਵਿਜ਼ਨ ਦਾ ਚਰਚਿਤ ਚਿਹਰਾ ਬਣ ਚੁੱਕੀ ਐਂਕਰ-ਅਦਾਕਾਰਾ ਸਾਇਰਾ ਹੁਣ ਵੈੱਬ-ਸੀਰੀਜ਼ ਅਤੇ ਸਿਨੇਮਾ ਦੇ ਖੇਤਰ 'ਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੀ ਜਾ ਰਹੀ ਹੈ, ਜਿਸ ਦੀਆਂ ਇਸ ਖਿੱਤੇ ਵਿੱਚ ਮਜ਼ਬੂਤ ਹੋ ਰਹੀਆਂ ਪੈੜਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਜੁਆਇੰਟ ਪੇਨ ਫੈਮਲੀ', ਜੋ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
'ਰਾਜੀਵ ਸਿੰਗਲਾ ਪ੍ਰੋਡੋਕਸ਼ਨ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਦੇਸੀ ਮੁੰਡੇ', 'ਮਾਹੀ ਮੇਰਾ ਨਿੱਕਾ ਜਿਹਾ', 'ਇੱਕ ਹੋਰ ਜੰਨਤ' ਅਤੇ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਸ਼ਾਮਿਲ ਰਹੀਆਂ ਹਨ।
ਹਾਲ ਹੀ ਵਿੱਚ ਪੀਟੀਸੀ ਪੰਜਾਬੀ ਉਤੇ ਆਨ ਸਟ੍ਰੀਮ ਹੋਈ ਵੈੱਬ ਸੀਰੀਜ਼ 'ਚੌਸਰ: ਦਿ ਪਾਵਰ ਆਫ ਗੇਮ' ਦਾ ਮਹੱਤਵਪੂਰਨ ਹਿੱਸਾ ਰਹੀ ਅਦਾਕਾਰਾ ਸਾਇਰਾ 'ਵਾਇਸ ਆਫ ਪੰਜਾਬ', 'ਡਾਂਸ ਪੰਜਾਬੀ ਡਾਂਸ', 'ਪੰਜਾਬ ਦੇ ਸੁਪਰ ਸ਼ੈਫ ਸੀਜ਼ਨ 7' ਜਿਹੇ ਕਈ ਵੱਡੇ ਅਤੇ ਪਾਪੂਲਰ ਰਿਐਲਟੀ ਸੋਅਜ਼ ਵੀ ਹੋਸਟ ਕਰ ਚੁੱਕੀ ਹੈ, ਜਿੰਨ੍ਹਾਂ ਵਿੱਚ ਉਸ ਦੀ ਸ਼ਾਨਦਾਰ ਪਰਫਾਰਮੈਂਸ ਅਤੇ ਪੰਚ ਟਾਈਮਿੰਗ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਹੈ।
ਬੀਤੇ ਸਾਲ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਬਿਨ੍ਹਾਂ ਬੈਂਡ ਚੱਲ ਇੰਗਲੈਂਡ' ਦੁਆਰਾ ਸਿਲਵਰ ਸਕ੍ਰੀਨ ਉਤੇ ਸ਼ਾਨਦਾਰ ਆਮਦ ਕਰਨ ਵਾਲੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਇਸ ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਫਿਲਮ ਵਿੱਚ ਅਦਾਕਾਰ ਰੌਸ਼ਨ ਪ੍ਰਿੰਸ ਦੇ ਨਾਲ ਲੀਡ ਨਿਭਾਈ, ਜਿਸ ਦੀ ਇਹ ਫਿਲਮ ਚਾਹੇ ਬਾਕਸ ਆਫਿਸ ਉਤੇ ਕੋਈ ਖਾਸ ਕਾਮਯਾਬੀ ਹਾਸਿਲ ਨਹੀਂ ਕਰ ਪਾਈ, ਪਰ ਉਸ ਦੀ ਅਦਾਕਾਰੀ ਨੂੰ ਭਰਵੀਂ ਸਲਾਹੁਤਾ ਮਿਲੀ।
ਪੰਜਾਬੀ ਸਿਨੇਮਾ ਦੇ ਹਿੱਟ ਫਿਲਮਮੇਕਰ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਵੈੱਬ-ਸੀਰੀਜ਼ 'ਕੀ ਬਣੂ ਪੂਨੀਆ ਦਾ' ਵਿੱਚ ਬੱਬਲ ਰਾਏ ਦੇ ਨਾਲ ਨਜ਼ਰ ਆਈ ਅਦਾਕਾਰਾ ਸਾਇਰਾ ਆਪਣੀ ਉਕਤ ਨਵੀਂ ਪੰਜਾਬੀ ਫਿਲਮ ਲੈ ਕੇ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੀ ਹੈ, ਜਿੰਨਾਂ ਵੱਲੋਂ ਇਸ ਫਿਲਮ ਵਿਚਲੀ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।