ਚੰਡੀਗੜ੍ਹ: ਪਾਲੀਵੁੱਡ ਦੇ ਉੱਭਰਦੇ ਅਤੇ ਚਰਚਿਤ ਚਿਹਰਿਆਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੀ ਹੈ ਅਦਾਕਾਰਾ ਜੋਤ ਅਰੋੜਾ, ਜਿਸ ਨੂੰ ਕੈਨੇਡਾ ਵਿਖੇ ਸ਼ੁਰੂ ਹੋ ਚੁੱਕੀ ਇਕ ਵੱਡੀ ਪੰਜਾਬੀ ਵੈੱਬ ਸੀਰੀਜ਼ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਹੀ ਟਰਾਂਟੋਂ ਪੁੱਜ ਚੁੱਕੀ ਇਹ ਹੋਣਹਾਰ ਅਦਾਕਾਰਾ ਜਲਦ ਅਪਣੇ ਹਿੱਸੇ ਦੀ ਸ਼ੂਟਿੰਗ ਨੂੰ ਅੰਜ਼ਾਮ ਦੇਵੇਗੀ।
ਹਾਲ ਹੀ ਵਿੱਚ ਸਟ੍ਰੀਮ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' 'ਚ ਨਿਭਾਈ ਸ਼ਾਨਦਾਰ ਭੂਮਿਕਾ ਨੂੰ ਲੈ ਕੇ ਵੀ ਚੌਖੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜਿਸਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਅਪਣੇ ਅਧਾਰ ਅਤੇ ਦਰਸ਼ਕ ਦਾਇਰੇ ਨੂੰ ਵਿਸ਼ਾਲਤਾ ਦੇਣ ਦਾ ਮਾਣ ਵੀ ਅਪਣੀ ਝੋਲੀ ਪਾ ਲਿਆ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਇਸ ਪ੍ਰਤਿਭਾਵਾਨ ਅਦਾਕਾਰਾ ਦੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਰਾਣਾ ਰਣਬੀਰ ਵੱਲੋਂ ਨਿਰਦੇਸ਼ਿਤ ਕੀਤੀ ਅਰਥ-ਭਰਪੂਰ ਪੰਜਾਬੀ ਫਿਲਮ 'ਆਸੀਸ' ਉਨ੍ਹਾਂ ਦੇ ਕਰੀਅਰ ਲਈ ਅਹਿਮ ਟਰਨਿੰਗ ਪੁਆਇੰਟ ਰਹੀ ਹੈ, ਜਿਸ ਵਿੱਚ ਨਿਭਾਈ ਪ੍ਰਭਾਵਪੂਰਨ ਭੂਮਿਕਾ ਨੂੰ ਦਰਸ਼ਕਾਂ ਦੇ ਨਾਲ-ਨਾਲ ਫਿਲਮ ਕ੍ਰਿਟਿਕਸ ਵੱਲੋਂ ਕਾਫ਼ੀ ਸਰਾਹਿਆ ਗਿਆ।
ਸਾਲ 2021 ਵਿੱਚ ਰਿਲੀਜ਼ ਹੋਈ ਅਤੇ ਕੁਲਜਿੰਦਰ ਸਿੱਧੂ, ਸਰਦਾਰ ਸੋਹੀ ਸਟਾਰਰ ਪੰਜਾਬੀ ਫਿਲਮ 'ਜਮਰੌਦ' ਆਲਮੀ ਪੱਧਰ ਉੱਪਰ ਕਾਫ਼ੀ ਮਾਨ ਸਨਮਾਨ ਅਤੇ ਐਵਾਰਡ ਅਪਣੇ ਹਿੱਸੇ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਵਿੱਚ ਅਦਾ ਕੀਤੇ ਮਹੱਤਵਪੂਰਨ ਕਿਰਦਾਰ ਨੇ ਵੀ ਉਸ ਦੀ ਪਹਿਚਾਣ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਕੈਨੇਡੀਅਨ ਖਿੱਤੇ ਵਿੱਚ ਫਿਲਮਾਈ ਜਾ ਰਹੀ ਅਪਣੀ ਉਕਤ ਵੈੱਬ ਸੀਰੀਜ਼ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆਂ ਇਸ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਬਿਹਤਰੀਨ ਸੈੱਟਅੱਪ ਅਧੀਨ ਫਿਲਮਾਈ ਜਾ ਰਹੀ ਇਸ ਵੈੱਬ ਸੀਰੀਜ਼ ਵਿੱਚ ਕਾਫ਼ੀ ਲੀਡਿੰਗ ਅਤੇ ਚੁਣੌਤੀਪੂਰਨ ਕਿਰਦਾਰ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜਿਸ ਦੇ ਨਾਂਅ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਨਿਰਮਾਣ ਟੀਮ ਵੱਲੋਂ ਜਲਦ ਰਿਵੀਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: