ਹੈਦਰਾਬਾਦ ਡੈਸਕ: ਸਿਨੇਮਾਂ ਅਤੇ ਟੈਲੀਵਿਜ਼ਨ ਦੀ ਦੁਨੀਆਂ ਨਾਲ ਜੁੜੇ ਕਲਾਕਾਰ ਅੱਜ ਥੀਏਟਰ ਨੂੰ ਕਾਫ਼ੀ ਮਹੱਤਵ ਦਿੰਦੇ ਨਜ਼ਰੀ ਆ ਰਹੇ ਹਨ, ਜਿਨ੍ਹਾਂ ਦੀ ਇਸ ਦਿਸ਼ਾ ਵਿੱਚ ਵੱਧ ਰਹੀ ਕਾਰਜਸ਼ੀਲਤਾ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਨਾਟਕ 'ਸਾਂਝਾ ਟੱਬਰ', ਜਿਸ ਵਿਚ ਮਸ਼ਹੂਰ ਟੀ.ਵੀ ਅਤੇ ਫ਼ਿਲਮ ਅਦਾਕਾਰ ਸੁਦੇਸ਼ ਵਿੰਕਲ ਸਮੇਤ ਕਈ ਨਾਮਵਰ ਚਿਹਰੇ ਹਿੱਸਾ ਲੈਣਗੇ।
ਨਾਟਕ 'ਸਾਂਝੇ ਟੱਬਰ' ਬਾਰੇ: 'ਅਲਫਾਜ਼ ਐਕਟਿੰਗ ਅਕਾਦਮੀ ਵੱਲੋ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪ੍ਰਸਤੁਤ ਕੀਤੇ ਜਾ ਰਹੇ ਇਸ ਪੰਜਾਬੀ ਕਾਮੇਡੀ ਡਰਾਮਾ ਪਲੇ ਦਾ ਆਯੋਜਨ 3 ਅਤੇ 4 ਅਗਸਤ ਨੂੰ ਸ਼ਾਮ 5.00 ਤੋਂ 6.30 ਵਜੇ ਤੱਕ ਪੰਜਾਬ ਨਾਟਸ਼ਾਲਾ ਭਵਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾਵੇਗਾ, ਜਿਸ ਦੇ ਉਦਘਾਟਨੀ ਪੜਾਅ ਦਾ ਸਿਨੇਮਾਂ , ਰੰਗਮੰਚ, ਸਾਹਿਤ ਅਤੇ ਕਲਾ ਖੇਤਰ ਨਾਲ ਸਬੰਧਤ ਕਈ ਮੰਨੀਆ ਪ੍ਰਮੰਨੀਆਂ ਸ਼ਖਸੀਅਤਾਂ ਵੀ ਹਿੱਸਾ ਬਣਨਗੀਆਂ। 'ਸੁਯੰਕਤ ਪਰਿਵਾਰਾਂ ਦੀ ਮਹੱਤਤਾ ਅਤੇ ਇੰਨਾਂ ਨਾਲ ਹੀ ਜੁੜੇ ਕੁਝ ਦਿਲਚਸਪ ਪਹਿਲੂਆਂ ਦੁਆਲੇ ਬੁਣੇ ਗਏ ਉਕਤ ਨਾਟਕ ਦਾ ਲੇਖ਼ਣ ਅਤੇ ਨਿਰਦੇਸ਼ਨ ਸੁਦੇਸ਼ ਵਿੰਕਲ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਮੰਨੋਰੰਜਕ ਪਲੇ ਵਿਚ ਕਾਫ਼ੀ ਮਹੱਤਵਪੂਰਨ ਰੋਲ ਵੀ ਅਦਾ ਕਰਨ ਜਾ ਰਹੇ ਹਨ, ਜਿਨ੍ਹਾਂ ਤੋਂ ਇਲਾਵਾ ਰੰਗਮੰਚ, ਟੀ.ਵੀ ਅਤੇ ਫਿਲਮਾਂ ਨਾਲ ਜੁੜੇ ਕਈ ਪ੍ਰਤਿਭਾਵਾਨ ਚਿਹਰੇ ਵੀ ਲੀਡਿੰਗ ਭੂਮਿਕਾਵਾਂ ਵਿਚ ਵਿਖਾਈ ਦੇਣਗੇ।
ਥੀਏਟਰ ਨੂੰ ਜਿਉਦਿਆਂ ਰੱਖਣ ਲਈ ਜੀਜ਼ਾਨ ਅਤੇ ਲਗਾਤਾਰਤਾ ਨਾਲ ਕੋਸ਼ਿਸ਼ਾਂ ਨੂੰ ਅੰਜ਼ਾਮ ਦੇ ਰਹੇ ਹਨ ਅਦਾਕਾਰ, ਲੇਖ਼ਕ ਅਤੇ ਨਿਰਦੇਸ਼ਕ ਸੁਦੇਸ਼ ਵਿੰਕਲ , ਜਿੰਨਾਂ ਉਕਤ ਨਾਟਕ ਅਤੇ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਅਪਣੇ ਉਪਰਾਲਿਆਂ ਨੂੰ ਲੈ ਅਪਣੇ ਵਿਚਾਰ ਪ੍ਰਗਟ ਕਰਦਿਆ ਦੱਸਿਆ "ਹਰੇਕ ਕਲਾਕਾਰ ਨੂੰ ਮੁੱਢਲੇ ਪੜਾਅ ਦੀ ਮਜ਼ਬੂਤੀ ਦੇਣ ਵਿੱਚ ਰੰਗਮੰਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਨੂੰ ਜੀਵੰਤ ਰੱਖਿਆ ਜਾਣਾ ਬੇਹੱਦ ਜਰੂਰੀ ਹੈ ਤਾਂ ਜੋ ਜਿੱਥੇ ਨਵੀਂਆਂ ਪ੍ਰਤਿਭਾਵਾਂ ਅਪਣੇ ਆਪ ਨੂੰ ਤਰਾਸ਼ ਸਕਣਗੀਆਂ, ਉਥੇ ਨੌਜਵਾਨ ਪੀੜੀ ਨੂੰ ਉਸਾਰੂ ਮੰਨੋਰੰਜਨ ਮੁਹੱਈਆ ਕਰਵਾਇਆ ਜਾ ਸਕੇਗਾ, ਜਿਸ ਨਾਲ ਹਰ ਯੁਵਾ ਨੂੰ ਉਸਾਰੂ ਸੇਧ ਦੇਣ ਅਤੇ ਅਸਲ ਜੜਾ ਨਾਲ ਉਨਾਂ ਨੂੰ ਜੋੜ ਕੇ ਰੱਖਣ ਵਿਚ ਵੀ ਮਦਦ ਮਿਲੇਗੀ।
ਹਾਲ ਹੀ ਵਿੱਚ, ਸਾਹਮਣੇ ਆਈਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਅਤੇ ਵੰਗਾਂ ਜਿਹੇ ਪਰਿਵਾਰਿਕ ਡਰਾਮਾ ਸੀਰੀਅਲ ਦਾ ਹਿੱਸਾ ਰਹੇ ਅਦਾਕਾਰ ਸੁਦੇਸ਼ ਵਿੰਕਲ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੀਆਂ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾਉਣ ਜਾ ਰਹੇ ਹਨ , ਜਿੰਨਾਂ ਵਿਚ ਜਾਨ ਅਬ੍ਰਾਹਮ ਸਟਾਰਰ ਹਿੰਦੀ ਫ਼ਿਲਮ 'ਦਾ ਡਿਪਲੋਮੈਟ' ਵੀ ਸ਼ਾਮਿਲ ਹੈ।