ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ ਜਾਂ ਫਿਰ ਵੈੱਬ-ਸੀਰੀਜ਼ ਦਾ ਖੇਤਰ, ਦੋਨੋਂ ਹੀ ਪਲੇਟਫ਼ਾਰਮ ਉਪਰ ਅਪਣੀ ਵਿਲੱਖਣ ਅਦਾਕਾਰੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਬਹੁ-ਪੱਖੀ ਕਲਾਕਾਰ ਰੰਗ ਦੇਵ, ਜੋ ਅਪਣੀ ਨਵੀਂ ਵੈੱਬ ਸੀਰੀਜ਼ 'ਪਲੱਸਤਰ' ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਪੰਜਾਬੀ ਓਟੀਟੀ ਪਲੇਟਫ਼ਾਰਮ 'ਚੌਪਾਲ ਸਟੂਡਿਓਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਐਕਸ਼ਨ-ਡਰਾਮਾ ਸੀਰੀਜ਼ ਦਾ ਲੇਖਨ ਪ੍ਰਿੰਸ ਕੰਵਲਜੀਤ ਸਿੰਘ, ਜਦਕਿ ਨਿਰਦੇਸ਼ਨ ਐਮਜੀ ਮੇਹੁਲ ਗਦਾਨੀ ਦੁਆਰਾ ਕੀਤਾ ਗਿਆ ਹੈ, ਜਿੰਨਾਂ ਦੀ ਇਸ ਬਹੁ-ਚਰਚਿਤ ਸੀਰੀਜ਼ ਵਿੱਚ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ ਅਦਾਕਾਰ ਰੰਗ ਦੇਵ, ਜੋ ਆਪਣੀ ਇਸ ਵੈੱਬ ਸੀਰੀਜ਼ ਅਤੇ ਇਸ ਵਿਚਲੇ ਨਿਵੇਕਲੇ ਰੋਲ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈਆਂ ਕਈ ਵੱਡੀਆਂ ਫਿਲਮਾਂ ਅਤੇ ਵੈੱਬ-ਸੀਰੀਜ਼ ਵਿੱਚ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਹਨ ਇਹ ਬਿਹਤਰੀਨ ਅਦਾਕਾਰ, ਜਿੰਨਾਂ ਵਿੱਚ ਬੀਤੇ ਦਿਨੀਂ ਰਿਲੀਜ਼ ਹੋਈ 'ਵਾਰਨਿੰਗ 2' ਤੋਂ ਇਲਾਵਾ 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਮਿੱਤਰਾਂ ਦਾ ਨਾਂ ਚੱਲਦਾ, 'ਕਿਡਨੈਪ', 'ਕ੍ਰਿਮਿਨਲ', 'ਵਾਰਦਾਤ', 'ਜ਼ਿਲ੍ਹਾਂ ਸੰਗਰੂਰ' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਵਿੱਚ ਉਨਾਂ ਵੱਲੋਂ ਨਿਭਾਏ ਵੰਨ-ਸੁਵੰਨਤਾ ਭਰੇ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।
ਥੀਏਟਰ ਜਗਤ ਦੀਆਂ ਮੰਝੀਆਂ ਹੋਈਆਂ ਸ਼ਖਸ਼ੀਅਤਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਇਸ ਬਾਕਮਾਲ ਐਕਟਰ ਦੀ ਜਿਸ ਫਿਲਮ ਨੇ ਉਨਾਂ ਨੂੰ ਸਿਨੇਮਾ ਜਗਤ ਵਿੱਚ ਸਥਾਪਤੀ ਅਤੇ ਮਾਣਮੱਤੀ ਪਹਿਚਾਣ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉਹ ਸੀ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ 'ਜ਼ੋਰਾ ਦਾ ਸੈਕੰਡ ਚੈਪਟਰ', ਜਿਸ ਵਿੱਚ ਉਨਾਂ ਵੱਲੋਂ ਨਿਭਾਈ ਵੱਖਰੇ ਜ਼ੈਂਡਰ ਦੀ ਭੂਮਿਕਾ ਨੇ ਪਾਲੀਵੁੱਡ ਗਲਿਆਰਿਆਂ ਵਿੱਚ ਅਜਿਹੀ ਤਰਥੱਲੀ ਮਚਾਈ ਕਿ ਇਸ ਤੋਂ ਬਾਅਦ ਉਨਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।
ਮੇਨ ਸਟਰੀਮ ਸਿਨੇਮਾ ਦੀ ਬਜਾਏ ਆਫ ਬੀਟ ਫਿਲਮਾਂ ਅਤੇ ਅਲਹਦਾ-ਅਲਹਦਾ ਸ਼ੇਡਜ਼ ਦੇ ਕਿਰਦਾਰ ਨਿਭਾਉਣਾ ਕਾਫ਼ੀ ਪਸੰਦ ਕਰਦੇ ਹਨ ਇਹ ਅਜ਼ੀਮ ਅਦਾਕਾਰ, ਜੋ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਬਿੱਗ ਸੈਟਅੱਪ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਹਿੱਸਾ ਬਣਨ ਜਾ ਰਹੇ ਹਨ।
ਆਪਣੇ ਹਰ ਕਿਰਦਾਰ ਨੂੰ ਵੈਰੀਏਸ਼ਨ ਦੇਣ ਲਈ ਅਪਣਾ ਪੂਰਾ ਜ਼ੋਰ ਲਾ ਦੇਣ ਵਾਲੇ ਇਸ ਬਾਕਮਾਲ ਅਦਾਕਾਰ ਨਾਲ ਉਨਾਂ ਦੀਆਂ ਅਗਾਮੀ ਯੋਜਨਾਵਾਂ ਬਾਰੇ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਕੁਝ ਵਿਸ਼ੇਸ਼ ਅਤੇ ਅਜਿਹੇ ਕਿਰਦਾਰ ਕਰਨ ਦੀ ਤਾਂਘ ਹੈ, ਜਿੰਨਾਂ ਦਾ ਅਸਰ ਲੰਮੇਂ ਸਮੇਂ ਤੱਕ ਦਰਸ਼ਕਾਂ ਦੇ ਦਿਲੋਂ ਦਿਮਾਗ 'ਤੇ ਛਾਇਆ ਰਹੇ।