ਅੰਮ੍ਰਿਤਸਰ: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਇੱਕ ਅਜਿਹਾ ਸ਼ੋਅ ਹੈ, ਜੋ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਹਰ ਉਮਰ ਦੇ ਲੋਕ ਇਸ ਸ਼ੋਅ ਨੂੰ ਦੇਖਣਾ ਪਸੰਦ ਕਰਦੇ ਹਨ, ਚਾਹੇ ਉਹ ਬੱਚੇ ਹੋਣ ਜਾਂ ਬਜ਼ੁਰਗ। ਜੇਕਰ ਦੇਖਿਆ ਜਾਵੇ ਤਾਂ ਇਸ ਸ਼ੋਅ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਲਗਭਗ 16 ਸਾਲ ਹੋ ਗਏ ਹਨ।
ਸ਼ੋਅ 'ਚ ਹਮੇਸ਼ਾ ਹੀ ਵੱਡੀ ਸਟਾਰ ਕਾਸਟ ਰਹੀ ਹੈ। ਹਾਲਾਂਕਿ ਇਸ ਸਭ ਦੇ ਬਾਵਜੂਦ ਸ਼ੋਅ ਦੇ ਹਰ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ 'ਚ ਵੱਖਰੀ ਜਗ੍ਹਾਂ ਬਣਾਈ ਹੈ। ਇੰਨਾ ਹੀ ਨਹੀਂ ਕਈ ਅਜਿਹੇ ਕਲਾਕਾਰ ਵੀ ਹਨ ਜੋ ਤਾਰਕ ਮਹਿਤਾ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਅੱਜ ਵੀ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਹਨਾਂ ਵਿੱਚੋਂ ਹੀ ਇੱਕ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਲਾਡ ਸਿੰਘ ਮਾਨ ਹੈ।
ਹਾਲ ਹੀ ਵਿੱਚ ਲਾਡ ਸਿੰਘ ਮਾਨ ਗੁਰੂਨਗਰੀ ਅੰਮ੍ਰਿਤਸਰ ਪਹੁੰਚੇ, ਜਿਥੇ ਉਹਨਾਂ ਵੱਲੋਂ ਫਿਲਮੀ ਦੁਨੀਆਂ ਦੇ ਕਈ ਹੈਰਾਨੀਜਨਕ ਰਾਜ ਤੋਂ ਪਰਦਾ ਹਟਾਇਆ ਗਿਆ ਅਤੇ ਕਿਹਾ ਗਿਆ ਸਾਡੇ ਟਾਇਮ ਵਿੱਚ ਕਾਫੀ ਸੰਘਰਸ਼ ਕਰ ਕੇ ਵੀ ਸਫਲਤਾ ਨਹੀਂ ਮਿਲਦੀ ਸੀ ਪਰ ਹੁਣ ਲੋਕ ਸ਼ੋਸਲ ਮੀਡੀਆ ਪਲੇਟਫਾਰਮ ਉੱਪਰ ਪਲਕ ਝਪਕਦੇ ਹੀ ਮਸ਼ਹੂਰ ਹੋ ਜਾਂਦੇ ਹਨ।
ਅੱਗੇ ਅਦਾਕਾਰ ਨੇ ਆਪਣੇ ਸੰਘਰਸ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਕਿਵੇਂ ਉਹਨਾਂ ਨੇ ਮੁੰਬਈ ਦੇ ਸ਼ੁਰੂਆਤੀ ਦਿਨਾਂ ਵਿੱਚ ਪਹਿਲਾਂ ਹੋਟਲ ਵਿੱਚ ਕੰਮ ਕੀਤਾ ਸੀ ਫਿਰ ਟਰੱਕ ਚਲਾਇਆ ਅਤੇ ਫਿਰ ਹੌਲੀ ਹੌਲੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਰਗੇ ਸ਼ੋਅ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਇਆ। ਇਸ ਤੋਂ ਇਲਾਵਾ ਅਦਾਕਾਰ ਨੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਸ਼ੋਅ ਛੱਡਣ ਦੇ ਕਾਰਨਾਂ ਉਤੇ ਵੀ ਚਾਨਣਾ ਪਾਈ ਅਤੇ ਆਪਣੀ ਆਉਣ ਵਾਲੀਆਂ ਯੋਜਨਾਵਾਂ ਬਾਰੇ ਵੀ ਦੱਸਿਆ।