ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਨਿਰਦੇਸ਼ਕ ਰਾਇਲ ਸਿੰਘ, ਜਿੰਨਾਂ ਵੱਲੋਂ ਆਪਣੀ ਇੱਕ ਹੋਰ ਨਵੀਂ ਫਿਲਮ 'ਸਰੰਡਰ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਹੈ।
'ਪੁਸ਼ਪਿੰਦਰ ਸਰਾਓ' ਅਤੇ 'ਏ ਮਹਿਫ਼ਿਲ ਇੰਟਰਟੇਨਰ' ਦੇ ਬੈਨਰਜ਼ ਹੇਠ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਪੰਜਾਬੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਰਾਇਲ ਸਿੰਘ ਹੀ ਸੰਭਾਲ ਰਹੇ ਹਨ, ਜਿੰਨਾਂ ਦੁਆਰਾ ਇੱਕ ਵਾਰ ਫਿਰ ਵੱਖਰੇ ਕੰਟੈਂਟ ਅਧਾਰਿਤ ਬਣਾਈ ਜਾ ਰਹੀ ਇਸ ਫਿਲਮ ਵਿੱਚ ਦੋ ਨਵੇਂ ਚਿਹਰੇ ਹੈਪੀ ਗੋਸਲ ਅਤੇ ਸ਼ਰੂਤੀ ਸ਼ਰਮਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਗੁਰਿੰਦਰ ਮਕਨਾ, ਨਰਿੰਦਰ ਗਰੋਵਰ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਵਿਕਰਮ ਚੌਹਾਨ, ਦੀਪਕ ਭਾਟੀਆ, ਤਰਸੇਮ ਪਾਲ, ਹਾਰਦਿਕ ਗਰੋਵਰ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੀ ਇਸ ਅਰਥ-ਭਰਪੂਰ ਫਿਲਮ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਜਾਣ ਵਾਲੀ ਇਸ ਫਿਲਮ ਨੂੰ 05 ਅਪ੍ਰੈਲ 2024 ਨੂੰ ਦੇਸ਼ ਵਿਦੇਸ਼ ਵਿੱਚ ਰਿਲੀਜ਼ ਕੀਤਾ ਜਾਵੇਗਾ, ਜਿਸ ਦੇ ਥੀਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਲੀਕ ਅਤੇ ਫਾਰਮੂਲਾ ਫਿਲਮਾਂ ਤੋਂ ਹੱਟ ਕੇ ਬਣਾਈ ਜਾ ਰਹੀ ਇਹ ਫਿਲਮ ਇੱਕ ਅਜਿਹੇ ਭ੍ਰਿਸ਼ਟ ਸਿਸਟਮ ਉਪਰ ਅਧਾਰਿਤ ਹੈ, ਜੋ ਜਦ ਗਲਤ ਹੋ ਜਾਂਦਾ ਹੈ ਤਾਂ ਸਮਾਜ ਵਿੱਚ ਕੁਝ ਵੀ ਸਹੀ ਨਹੀਂ ਹੁੰਦਾ।
ਨਿਰਮਾਤਾ ਪੁਸ਼ਪਿੰਦਰ ਸਰਾਓ, ਅਮਰਜੀਤ ਪੱਪੂ ਢਿੱਲੋਂ, ਤੇਜਪਾਲ ਢਿੱਲੋਂ, ਨਰਿੰਦਰ ਸਦੀ ਦੁਆਰਾ ਨਿਰਮਿਤ ਕੀਤੀ ਜਾ ਰਹੀ ਅਤੇ ਪਾਲੀਵੁੱਡ ਦੀਆਂ ਆਗਾਮੀ ਐਕਸਪੈਰੀਮੈਂਟਲ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਦੇ ਸੰਗੀਤ ਨਿਰਦੇਸ਼ਕ ਹਰਜਿੰਦਰ ਰੰਧਾਵਾ, ਐਕਸ਼ਨ ਨਿਰਦੇਸ਼ਕ ਵਿਜੇ ਲਾਮਾ, ਡਾਇਲਾਗ ਲੇਖਕ ਦਵਿੰਦਰ ਵਿਰਕ, ਕਾਰਜਕਾਰੀ ਨਿਰਮਾਤਾ ਰਾਜੇਸ਼ ਕੁਲਾਰ, ਐਸੋਸੀਏਟ ਨਿਰਦੇਸ਼ਕ ਗੁਰਪ੍ਰੀਤ ਗੋਪੀ, ਬੈਕ ਗਰਾਊਂਡ ਸਕੋਰਰ ਸਿਧਾਰਥ ਮੱਲਾ ਹਨ, ਜਦਕਿ ਸਿਨੇਮਾਟੋਗ੍ਰਾਫ਼ਰੀ ਪੱਖ ਰੋਬਿਨ ਕਾਲੜਾ ਸੰਭਾਲਣਗੇ।
ਹਾਲ ਵਿੱਚ ਰਿਲੀਜ਼ ਹੋਈ ਪਰਿਵਾਰਿਕ-ਡਰਾਮਾ ਫਿਲਮ 'ਬੱਲੇ ਓ ਚਲਾਕ ਸੱਜਣਾ' ਦਾ ਨਿਰਦੇਸ਼ਨ ਕਰ ਚੌਖੀ ਸਲਾਹੁਤਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਰਾਇਲ ਸਿੰਘ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਬਤੌਰ ਨਿਰਦੇਸ਼ਕ ਸਾਹਮਣੇ ਲਿਆਂਦੀਆਂ ਜਾ ਚੁੱਕੀਆਂ ਫਿਲਮਾਂ ਵਿੱਚ ਸਾਲ 2019 ਵਿੱਚ ਆਈ ਬਿਹਤਰੀਨ ਅਤੇ ਸੰਜੀਦਾ ਵਿਸ਼ਾ ਸੰਬੰਧਤ ਫਿਲਮ 'ਅਮਾਨਤ' ਵੀ ਸ਼ਾਮਿਲ ਰਹੀ ਹੈ।