ਹੈਦਰਾਬਾਦ: ਕੇਂਦਰੀ ਯੂਨੀਵਰਸਿਟੀਆਂ ਵਿੱਚ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰਗ੍ਰੈਜੁਏਟ 'ਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਦਾਖਲੇ 'ਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਔਫਲਾਈਨ ਪ੍ਰੀਖਿਆ ਹੋਵੇਗੀ। CUET UG 'ਚ 15 ਵਿਸ਼ਿਆਂ ਦੀ ਪ੍ਰੀਖਿਆ ਇੱਕ ਦਿਨ 'ਚ ਹੋਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਿਸ ਵਿਸ਼ੇ 'ਚ 1.5 ਲੱਖ ਤੋਂ ਵੱਧ ਅਰਜ਼ੀਆਂ ਹੋਣਗੀਆਂ, ਉਸ 'ਚ ਔਫਲਾਈਨ ਪ੍ਰੀਖਿਆ ਹੋਵੇਗੀ।
CUET UG ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ: ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ 26 ਮਾਰਚ ਹੈ। 29 ਮਾਰਚ ਤੱਕ ਅਪਲਾਈ ਪੱਤਰ 'ਚ ਸੁਧਾਰ ਕੀਤਾ ਜਾ ਸਕੇਗਾ। ਇਸ ਤੋਂ ਬਾਅਦ 30 ਅਪ੍ਰੈਲ ਨੂੰ ਪ੍ਰੀਖਿਆ ਲਈ ਸ਼ਹਿਰਾਂ ਦਾ ਐਲਾਨ ਹੋਵੇਗਾ। ਮਈ ਦੇ ਦੂਜੇ ਹਫ਼ਤੇ 'ਚ ਐਡਮਿਟ ਕਾਰਡ ਉਪਲਬਧ ਕਰਾ ਦਿੱਤੇ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ CUET UG ਪ੍ਰੀਖਿਆ ਦਾ ਆਯੋਜਨ 15 ਮਈ ਤੋਂ 31 ਮਈ ਦੇ ਵਿਚਕਾਰ ਕਰਵਾਇਆ ਜਾਵੇਗਾ। ਇਸ ਪ੍ਰੀਖਿਆ ਦੇ ਨਤੀਜੇ 30 ਜੂਨ ਨੂੰ ਐਲਾਨ ਕਰ ਦਿੱਤੇ ਜਾਣਗੇ।
ਇਨ੍ਹਾਂ ਵਿਸ਼ਿਆਂ ਦੀ ਹੋਵੇਗੀ ਔਫਲਾਈਨ ਪ੍ਰੀਖਿਆ: ਕਿਹੜੇ ਵਿਸ਼ਿਆਂ 'ਤੇ ਔਫਲਾਈਨ ਪ੍ਰੀਖਿਆ ਹੋਵੇਗੀ, ਇਹ ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆ ਅਰਜ਼ੀਆਂ 'ਤੇ ਨਿਰਭਰ ਕਰੇਗਾ। ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਦੱਸਿਆ ਹੈ ਕਿ ਜੇਕਰ ਅਸੀਂ ਦੋ ਸਾਲਾਂ ਦੀਆਂ ਅਰਜ਼ੀਆਂ 'ਤੇ ਨਜ਼ਰ ਮਾਰੀਏ, ਤਾਂ 12 ਤੋਂ 15 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਔਫਲਾਈਨ ਕਰਵਾਈਆਂ ਜਾ ਸਕਦੀਆਂ ਹਨ। ਇਨ੍ਹਾਂ 'ਚ ਵਿਗਿਆਨ ਦੇ ਵਿਸ਼ੇ 'ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਗਣਿਤ, ਜੀਵ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਸ਼ਾਮਲ ਹੈ। ਦੂਜੇ ਪਾਸੇ ਕਲਾ 'ਚ ਇਤਿਹਾਸ, ਰਾਜਨੀਤੀ ਵਿਗਿਆਨ ਅਤੇ ਕਾਮਰਸ ਵਿੱਚ ਬਿਜ਼ਨਸ ਸਟੱਡੀਜ਼, ਅਕਾਊਂਟਸ ਵਰਗੇ ਵਿਸ਼ੇ ਸ਼ਾਮਲ ਹਨ। ਭਾਸ਼ਾਵਾਂ ਵਿੱਚ ਅੰਗਰੇਜ਼ੀ ਅਤੇ ਹਿੰਦੀ ਸ਼ਾਮਲ ਹਨ। ਇਨ੍ਹਾਂ ਸਾਰੇ ਵਿਸ਼ਿਆਂ ਵਿੱਚ ਵਧੇਰੇ ਅਰਜ਼ੀਆਂ ਆਉਂਦੀਆਂ ਹਨ। ਇਸ ਕਾਰਨ ਇਨ੍ਹਾਂ ਵਿਸ਼ਿਆਂ ਵਿੱਚ ਔਫਲਾਈਨ ਪ੍ਰੀਖਿਆ ਇੱਕ ਦਿਨ 'ਚ ਹੀ ਲਈ ਜਾ ਸਕਦੀ ਹੈ। ਔਫਲਾਈਨ ਪ੍ਰੀਖਿਆਵਾਂ ਲਈ ਸਕੂਲਾਂ-ਕਾਲਜਾਂ ਵਿੱਚ ਕੇਂਦਰ ਬਣਾਏ ਜਾ ਸਕਦੇ ਹਨ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਦੂਰ-ਦੁਰਾਡੇ ਦਾ ਸਫ਼ਰ ਨਹੀਂ ਕਰਨਾ ਪਵੇਗਾ।
ਪ੍ਰੀਖਿਆ ਦੀ ਡੇਟਸ਼ੀਟ ਜਲਦ ਹੋਵੇਗੀ ਜਾਰੀ: ਲੋਕਸਭਾ ਚੋਣਾ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਪ੍ਰੀਖਿਆ ਲਈ ਫਾਈਨਲ ਡੇਟਸ਼ੀਟ ਜਾਰੀ ਕੀਤੀ ਜਾਵੇਗੀ। ਨੈਸ਼ਨਲ ਟੈਸਟਿੰਗ ਏਜੰਸੀ ਉਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਔਫਲਾਈਨ ਲਵੇਗੀ, ਜਿਨ੍ਹਾਂ ਵਿਸ਼ਿਆਂ ਦੀਆਂ ਜ਼ਿਆਦਾ ਅਰਜ਼ੀਆਂ ਹੋਣਗੀਆਂ। ਦੱਸ ਦਈਏ ਕਿ ਅਧਿਕਾਰਿਤ ਵੈੱਬਸਾਈਟ exams.nta.ac.in 'ਤੇ ਅਪਲਾਈ ਕਰਨ ਦੀ ਪ੍ਰੀਕਿਰੀਆਂ ਜਾਰੀ ਹੈ। ਇਸ ਵੈੱਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ।