ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 12 ਦਿਨਾਂ ਲਈ ਵਧਾ ਦਿੱਤੀ ਗਈ ਹੈ। ਰੌਜ਼ ਐਵੇਨਿਊ ਅਦਾਲਤ ਨੇ ਉਸ ਨੂੰ 18 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਹ ਹੁਕਮ ਦਿੱਤਾ। ਦਰਅਸਲ, ਸ਼ਰਾਬ ਨੀਤੀ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸਿਸੋਦੀਆ ਦੀ ਹਿਰਾਸਤ ਅੱਜ ਯਾਨੀ 6 ਅਪ੍ਰੈਲ ਨੂੰ ਖ਼ਤਮ ਹੋ ਰਹੀ ਸੀ। ਇਸ ਸਬੰਧੀ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਨੀਸ਼ ਸਿਸੋਦੀਆ 26 ਫਰਵਰੀ 2023 ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਬਾਰੇ ਸੀਬੀਆਈ ਅਤੇ ਈਡੀ ਦਾ ਦਾਅਵਾ ਹੈ ਕਿ ਸਿਸੋਦੀਆ ਨੇ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਆਬਕਾਰੀ ਨੀਤੀ ਵਿੱਚ ਬਦਲਾਅ ਕੀਤਾ ਸੀ। ਇਸ ਕਾਰਨ ‘ਆਪ’ ਆਗੂਆਂ ਨੇ ਰਿਸ਼ਵਤ ਵਜੋਂ ਮੋਟੀ ਰਕਮ ਹਾਸਲ ਕੀਤੀ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਵੀ 2 ਅਪ੍ਰੈਲ ਨੂੰ ਸੁਣਵਾਈ ਹੋਈ ਸੀ। ਇਸ ਦੌਰਾਨ ਉਸ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਸ ਨੂੰ ਜੇਲ੍ਹ ਵਿੱਚ ਰੱਖਣ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਉਸ ਖ਼ਿਲਾਫ਼ ਚੱਲ ਰਹੀ ਜਾਂਚ ਪੂਰੀ ਹੋ ਚੁੱਕੀ ਹੈ।
ਇੱਕ ਦਿਨ ਪਹਿਲਾਂ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਤੋਂ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਸਥਿਤੀ ਦੀ ਤੁਲਨਾ ਆਜ਼ਾਦੀ ਘੁਲਾਟੀਆਂ ਉੱਤੇ ਅੰਗਰੇਜ਼ਾਂ ਵੱਲੋਂ ਕੀਤੇ ਅੱਤਿਆਚਾਰਾਂ ਨਾਲ ਕੀਤੀ। ਉਸਨੇ ਕਿਹਾ, "ਮੈਂ ਤੁਹਾਨੂੰ ਜਲਦੀ ਹੀ ਬਾਹਰ ਮਿਲਾਂਗਾ... ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।" ਮਨੀਸ਼ ਸਿਸੋਦੀਆ ਨੇ ਅੱਗੇ ਲਿਖਿਆ, "ਪਿਛਲੇ ਇੱਕ ਸਾਲ ਵਿੱਚ, ਮੈਂ ਸਾਰਿਆਂ ਨੂੰ ਬਹੁਤ ਯਾਦ ਕੀਤਾ ਹੈ। ਸਾਰਿਆਂ ਨੇ ਮਿਲ ਕੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ। ਜਿਸ ਤਰ੍ਹਾਂ ਆਜ਼ਾਦੀ ਦੇ ਸਮੇਂ ਹਰ ਕੋਈ ਲੜਿਆ ਸੀ, ਉਸੇ ਤਰ੍ਹਾਂ ਅਸੀਂ ਚੰਗੀ ਸਿੱਖਿਆ ਅਤੇ ਸਕੂਲਾਂ ਲਈ ਲੜ ਰਹੇ ਹਾਂ।