ਇੰਫਾਲ/ਸਿਲਚਰ: ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ ਤੋਂ ਲਾਪਤਾ ਛੇ ਲੋਕਾਂ ਦਾ ਪੋਸਟਮਾਰਟਮ ਪੂਰਾ ਹੋਣ ਤੋਂ ਬਾਅਦ ਵੀ, ਉਨ੍ਹਾਂ ਦੀਆਂ ਲਾਸ਼ਾਂ ਆਸਾਮ ਦੇ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ (ਐਸਐਮਸੀਐਚ) ਦੇ ਮੁਰਦਾਘਰ ਵਿੱਚ ਪਈਆਂ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਸਸਕਾਰ ਕਰਨ ਲਈ ਲਾਸ਼ਾਂ ਲੈਕੇ ਜਾਣ ਲਈ ਤਿਆਰ ਨਹੀਂ ਹਨ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਦੌਰਾਨ, ਅਧਿਕਾਰੀਆਂ ਨੇ ਕਿਹਾ ਕਿ ਕਤਲ ਦੇ ਜਵਾਬ ਵਿੱਚ ਜਿਰੀਬਾਮ ਵਿੱਚ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਨੇ ਆਸਾਮ ਦੇ ਸਿਲਚਰ ਤੋਂ ਲਾਸ਼ਾਂ ਨੂੰ ਸਸਕਾਰ ਲਈ ਮਣੀਪੁਰ ਵਿੱਚ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਸੀ ਕਿ ਛੇਵੀਂ ਲਾਸ਼ ਸੋਮਵਾਰ ਨੂੰ ਅਸਾਮ ਦੇ ਕਛਰ ਜ਼ਿਲ੍ਹੇ ਦੀ ਬਰਾਕ ਨਦੀ ਤੋਂ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਦਾ ਪੋਸਟਮਾਰਟਮ ਐਸਐਮਸੀਐਚ ਵਿੱਚ ਕੀਤਾ ਗਿਆ ਸੀ।
ਇਸ ਘਟਨਾਕ੍ਰਮ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਸਾਰੀਆਂ ਛੇ ਲਾਸ਼ਾਂ ਦਾ ਪੋਸਟਮਾਰਟਮ ਐਸਐਮਸੀਐਚ ਵਿੱਚ ਕੀਤਾ ਗਿਆ ਹੈ। ਸਬੰਧਤ ਡਾਕਟਰਾਂ ਨੇ ਰਿਪੋਰਟ ਵੀ ਤਿਆਰ ਕਰ ਲਈ ਹੈ। ਹਾਲਾਂਕਿ, ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਲਾਸ਼ਾਂ ਨੂੰ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਲਈ ਕਦੋਂ ਮਣੀਪੁਰ ਲਿਜਾਇਆ ਜਾਵੇਗਾ।
ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ 'ਚ 11 ਨਵੰਬਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ 'ਚ 10 ਅੱਤਵਾਦੀ ਮਾਰੇ ਗਏ ਸਨ। ਮੁਕਾਬਲੇ ਦੇ ਕੁਝ ਘੰਟਿਆਂ ਬਾਅਦ ਰਾਹਤ ਕੈਂਪ ਵਿਚ ਰਹਿ ਰਹੀਆਂ ਤਿੰਨ ਔਰਤਾਂ ਅਤੇ ਤਿੰਨ ਬੱਚੇ ਲਾਪਤਾ ਹੋ ਗਏ ਸਨ।
ਇਨ੍ਹਾਂ ਵਿੱਚੋਂ ਦੋ ਔਰਤਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਆਸਾਮ ਦੇ ਕਛਰ ਜ਼ਿਲ੍ਹੇ ਵਿੱਚ ਬਰਾਕ ਨਦੀ ਵਿੱਚੋਂ ਸ਼ਨੀਵਾਰ ਨੂੰ ਬਰਾਮਦ ਕੀਤੀਆਂ ਗਈਆਂ ਸਨ, ਜਦੋਂਕਿ ਸ਼ੁੱਕਰਵਾਰ ਰਾਤ ਨੂੰ ਜਿਰੀਬਾਮ ਵਿੱਚ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਜਿਰੀ ਨਦੀ ਵਿੱਚੋਂ ਮਿਲੀਆਂ ਸਨ। ਦੋਸ਼ ਹੈ ਕਿ ਅੱਤਵਾਦੀਆਂ ਨੇ ਇਨ੍ਹਾਂ ਲੋਕਾਂ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰ ਦਿੱਤਾ। ਪਿਛਲੇ ਸਾਲ ਮਈ ਤੋਂ ਮੇਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਨਸਲੀ ਹਿੰਸਾ ਵਿੱਚ 220 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।