ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਿੱਲੀ ਦੀਆਂ ਸੜਕਾਂ 'ਤੇ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕਰਦੀ ਨਜ਼ਰ ਆਉਣਗੇ। ਆਮ ਆਦਮੀ ਪਾਰਟੀ ਨੇ ਕੇਜਰੀਵਾਲ ਦੀ ਥਾਂ ਉਨ੍ਹਾਂ ਨੂੰ ਇੰਨ੍ਹਾਂ ਚੋਣਾਂ ਦਾ ਚਿਹਰਾ ਬਣਾਇਆ ਹੈ। ਇਸ ਦਾ ਕਾਰਨ ਅਰਵਿੰਦ ਕੇਜਰੀਵਾਲ ਦਾ ਤਿਹਾੜ ਜੇਲ੍ਹ ਵਿੱਚ ਹੋਣਾ ਹੈ। ਰਣਨੀਤੀ ਦੇ ਹਿੱਸੇ ਵਜੋਂ, ਸੁਨੀਤਾ ਕੇਜਰੀਵਾਲ ਪਾਰਟੀ ਦੀ ਮੁਹਿੰਮ ਦੀ ਕਮਾਨ ਸੰਭਾਲੇਗੀ ਅਤੇ ਜੇਲ੍ਹ ਤੋਂ ਮਿਲ ਰਹੇ ਸੰਦੇਸ਼ ਲੋਕਾਂ ਤੱਕ ਪੁੱਜਦਾ ਕਰਨਗੇ।
ਹਾਲਾਂਕਿ ਸੁਨੀਤਾ ਕੇਜਰੀਵਾਲ ਨੇ ਸਿਆਸੀ ਗਤੀਵਿਧੀਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਉਹ ਇੰਡੀਆ ਅਲਾਇੰਸ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਇਸ ਹਫਤੇ ਦੇ ਅੰਤ 'ਚ ਦਿੱਲੀ 'ਚ ਰੋਡ ਸ਼ੋਅ ਕਰਨਗੇ। ਦੱਸ ਦਈਏ ਕਿ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਗਈ ਹੈ।
ਇੱਥੇ ਪ੍ਰਚਾਰ ਕਰਨਗੇ
- ਸੁਨੀਤਾ ਕੇਜਰੀਵਾਲ ਕੋਂਡਲੀ 'ਚ ਆਪਣਾ ਪਹਿਲਾ ਰੋਡ ਸ਼ੋਅ ਕਰਨਗੇ। ਇਹ ਇਲਾਕਾ ਪੂਰਬੀ ਲੋਕ ਸਭਾ ਸੀਟ ਅਧੀਨ ਆਉਂਦਾ ਹੈ।
- ਤਿੰਨ ਹੋਰ ਲੋਕ ਸਭਾ ਹਲਕਿਆਂ ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਵਿੱਚ ਵੀ ਰੋਡ ਸ਼ੋਅ ਕੀਤੇ ਜਾਣਗੇ।
- ਗੁਜਰਾਤ ਅਤੇ ਪੰਜਾਬ ਵਿੱਚ ਪਾਰਟੀ ਉਮੀਦਵਾਰਾਂ ਲਈ ਜਨਤਕ ਮੀਟਿੰਗਾਂ ਵੀ ਕਰਨਗੇ।
- ਰਾਂਚੀ 'ਚ ਇੰਡੀਆ ਅਲਾਇੰਸ ਦੇ ਉਮੀਦਵਾਰ ਲਈ ਕਰ ਚੁੱਕੇ ਹਨ ਪ੍ਰਚਾਰ
ਇਸ ਲਈ ਬਣਾਇਆ ਗਿਆ ਸਟਾਰ ਪ੍ਰਚਾਰਕ : ਚੋਣਾਂ ਦੌਰਾਨ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਜਾਂਦਾ ਹੈ, ਜੋ ਪਾਰਟੀ ਦਾ ਚਿਹਰਾ ਹੁੰਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕੋਲ ਭੀੜ ਖਿੱਚਣ ਦੀ ਸਮਰੱਥਾ ਹੁੰਦੀ ਹੈ। ਸੁਨੀਤਾ ਕੇਜਰੀਵਾਲ ਭਾਵੇਂ ਕੋਈ ਸੈਲੀਬ੍ਰਿਟੀ ਨਾ ਹੋਵੇ, ਪਰ ਮੌਜੂਦਾ ਹਾਲਾਤਾਂ 'ਚ ਉਨ੍ਹਾਂ ਦੇ ਪਤੀ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਜਨਤਾ ਸੁਨੀਤਾ ਕੇਜਰੀਵਾਲ ਦੇ ਭਾਸ਼ਣ ਨਾਲ ਭਾਵੁਕ ਤੌਰ 'ਤੇ ਜੁੜ ਰਹੀ ਹੈ। ਉਹ ਆਸਾਨੀ ਨਾਲ ਕੇਜਰੀਵਾਲ ਦਾ ਸੰਦੇਸ਼ ਜਨਤਾ ਤੱਕ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ‘ਆਪ’ ਦੇ ਕੇਜਰੀਵਾਲ ਅਤੇ ਦੋ ਹੋਰ ਸਟਾਰ ਪ੍ਰਚਾਰਕ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਜੇਲ੍ਹ ਵਿੱਚ ਹਨ। ਅਜਿਹੇ 'ਚ ਸੁਨੀਤਾ ਕੇਜਰੀਵਾਲ ਨੂੰ ਅੱਗੇ ਲਿਆਉਣ ਦੀ ਮਜਬੂਰੀ ਵੀ ਦਿਖ ਰਹੀ ਹੈ।
ਚਾਰ ਨੁਕਤਿਆਂ 'ਚ ਜਾਣੋ ਸੁਨੀਤਾ ਕੇਜਰੀਵਾਲ ਦੀ ਚੋਣ ਪ੍ਰਚਾਰ ਦੇ ਫਾਇਦੇ
- ਸੁਨੀਤਾ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਹੈ। ਗ੍ਰਿਫਤਾਰੀ ਦਾ ਉਹ ਜ਼ੋਰਦਾਰ ਵਿਰੋਧ ਕਰ ਰਹੇ ਹਨ।
- ਉਹ ਆਮ ਆਦਮੀ ਪਾਰਟੀ ਵਿੱਚ ਇੱਕ ਮਜ਼ਬੂਤ ਮਹਿਲਾ ਆਗੂ ਵਜੋਂ ਉਭਰੇ ਹਨ। ਔਰਤਾਂ ਦਾ ਸਹਿਯੋਗ ਮਿਲ ਸਕਦਾ ਹੈ।
- ਉਹ ਆਪਣੇ ਪਤੀ ਦੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਭਾਜਪਾ 'ਤੇ ਨਿਸ਼ਾਨਾ ਸਾਧ ਰਹੇ ਹਨ। ਜਨਤਾ ਨੂੰ ਭਾਵਨਾਵਾਂ ਨਾਲ ਜੋੜਨ ਦੀ ਕੋਸ਼ਿਸ਼।
- ਚੋਣਾਂ ਵੇਲੇ ਪਤੀ ਦਾ ਜੇਲ੍ਹ 'ਚ ਜਾਣਾ ਤੇ ਪਤਨੀ ਦਾ ਚੋਣ ਮੈਦਾਨ 'ਚ ਉਤਰਨਾ। ਪਾਰਟੀ ਦੀ ਰਣਨੀਤੀ ਉਨ੍ਹਾਂ ਨੂੰ ਲੈਕੇ ਭਾਵਨਾਤਮਕ ਕਾਰਡ ਖੇਡਣ ਦੀ ਹੈ।
ਲੋਕ ਸਭਾ ਚੋਣ ਲੜ ਸਕਦੇ ਹਨ ਸੁਨੀਤਾ ਕੇਜਰੀਵਾਲ: ਸੁਨੀਤਾ ਕੇਜਰੀਵਾਲ ਦੀਆਂ ਰੈਲੀਆਂ ਤੋਂ ਬਾਅਦ ਪਾਰਟੀ ਸੂਤਰਾਂ ਤੋਂ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਸੁਨੀਤਾ ਕੇਜਰੀਵਾਲ ਨੂੰ ਆਪਣੇ ਖਾਤੇ 'ਚ ਆਉਣ ਵਾਲੀਆਂ ਚਾਰ ਸੀਟਾਂ 'ਚੋਂ ਕਿਸੇ ਇਕ 'ਤੇ ਉਮੀਦਵਾਰ ਬਣਾ ਸਕਦੀ ਹੈ। ਦਰਅਸਲ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸੁਨੀਤਾ ਕੇਜਰੀਵਾਲ ਦਿੱਲੀ ਦੇ ਸਾਰੇ ਉਮੀਦਵਾਰਾਂ ਨਾਲੋਂ ਮਜ਼ਬੂਤ ਮੰਨੇ ਜਾ ਰਹੇ ਹਨ। ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਤੋਂ ਬਾਅਦ ਪਾਰਟੀ ਨੂੰ ਸੁਨੀਤਾ ਕੇਜਰੀਵਾਲ ਦੇ ਰੂਪ ਵਿੱਚ ਯਕੀਨੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਅਜੇ ਤੱਕ ਅੰਤਿਮ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਸੁਨੀਤਾ ਕੇਜਰੀਵਾਲ ਨੂੰ ਸਿਆਸੀ ਹਲਕਿਆਂ 'ਚ ਅੱਗੇ ਕਰ ਰਹੀ ਹੈ, ਇਸ ਚਰਚਾ 'ਚ ਭਾਰ ਪਾਇਆ ਜਾ ਰਿਹਾ ਹੈ।
ਕਾਂਗਰਸ ਅਤੇ 'ਆਪ' ਦਾ ਹੈ ਗਠਜੋੜ: 2024 ਦੀਆਂ ਲੋਕ ਸਭਾ ਚੋਣਾਂ 'ਚ 'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਹੈ। ਇਸ ਤਹਿਤ ਦਿੱਲੀ ਵਿੱਚ ਆਮ ਆਦਮੀ ਪਾਰਟੀ ਚਾਰ ਤੇ ਕਾਂਗਰਸ ਤਿੰਨ ਸੀਟਾਂ ’ਤੇ ਚੋਣ ਲੜ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇੰਡੀਆ ਗਠਜੋੜ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਇਸ ਤਹਿਤ ਸੁਨੀਤਾ ਕੇਜਰੀਵਾਲ 'ਆਪ' ਅਤੇ ਕਾਂਗਰਸ ਦੇ ਉਮੀਦਵਾਰਾਂ ਲਈ ਦਿੱਲੀ ਤੋਂ ਬਾਹਰ ਵੀ ਪ੍ਰਚਾਰ ਕਰਨਗੇ।