ਨਵੀਂ ਦਿੱਲੀ: ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਦਿੱਲੀ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 28 ਫਰਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਐਮਕੇ ਨਾਗਪਾਲ ਨੇ ਇਹ ਹੁਕਮ ਦਿੱਤਾ ਹੈ।
ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ : ਅੱਜ ਦੋਵਾਂ ਦੀ ਨਿਆਂਇਕ ਹਿਰਾਸਤ ਖ਼ਤਮ ਹੋ ਰਹੀ ਸੀ ਜਿਸ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦੇ ਵਕੀਲ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਦਸਤਾਵੇਜ਼ਾਂ ਨੂੰ ਮਿਲਾਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਹੈ। ਇਹ ਅਜੇ ਤੱਕ ਨਹੀਂ ਕੀਤਾ ਗਿਆ ਹੈ। ਸੁਣਵਾਈ ਦੌਰਾਨ ਸਰਵੇਸ਼ ਮਿਸ਼ਰਾ ਦੇ ਵਕੀਲ ਨੇ ਕਿਹਾ ਕਿ ਈਡੀ ਨੇ ਸਰਵੇਸ਼ ਮਿਸ਼ਰਾ ਨੂੰ ਮਾਮਲੇ 'ਚ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਕੀਤੀ ਸੀ। ਮੁਲਜ਼ਮਾਂ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਸੰਜੇ ਸਿੰਘ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਤੋਂ ਬਾਅਦ ਈਡੀ ਨੇ ਨਵੇਂ ਦਸਤਾਵੇਜ਼ ਸ਼ਾਮਲ ਕੀਤੇ। ਉਨ੍ਹਾਂ ਕਿਹਾ ਕਿ ਈਡੀ ਮੁਤਾਬਕ ਕਾਨੂੰਨ ਨਹੀਂ ਚੱਲੇਗਾ।
ਦਰਅਸਲ 3 ਫਰਵਰੀ ਨੂੰ ਅਦਾਲਤ ਨੇ ਦੋਵਾਂ ਨੂੰ ਅੱਜ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 20 ਜਨਵਰੀ ਨੂੰ ਅਦਾਲਤ ਨੇ ਦੋਵਾਂ ਦੀ ਨਿਆਂਇਕ ਹਿਰਾਸਤ 3 ਫਰਵਰੀ ਤੱਕ ਵਧਾ ਦਿੱਤੀ ਸੀ। 3 ਫਰਵਰੀ ਨੂੰ ਹੀ ਅਦਾਲਤ ਨੇ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਰਾਜ ਸਭਾ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਅਦਾਲਤ ਨੇ 24 ਜਨਵਰੀ ਨੂੰ ਇਸ ਮਾਮਲੇ ਦੇ ਦੋਸ਼ੀ ਸਰਵੇਸ਼ ਮਿਸ਼ਰਾ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਸੀ।
ਸੰਜੇ ਸਿੰਘ ਮਨੀ ਲਾਂਡਰਿੰਗ ਦਾ ਦੋਸ਼ੀ: ਦੱਸ ਦਈਏ ਕਿ ਰਾਉਸ ਐਵੇਨਿਊ ਕੋਰਟ ਨੇ 22 ਦਸੰਬਰ 2023 ਨੂੰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਦੋਂ ਅਦਾਲਤ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਸੰਜੇ ਸਿੰਘ ਮਨੀ ਲਾਂਡਰਿੰਗ ਮਾਮਲੇ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹੋ ਸਕਦੇ ਹਨ। ਅਦਾਲਤ ਨੇ ਕਿਹਾ ਸੀ ਕਿ ਰਿਕਾਰਡ 'ਤੇ ਰੱਖੇ ਗਏ ਤੱਥ ਅਦਾਲਤ ਨੂੰ ਇਹ ਮੰਨਣ ਲਈ ਕਾਫੀ ਹਨ ਕਿ ਸੰਜੇ ਸਿੰਘ ਮਨੀ ਲਾਂਡਰਿੰਗ ਦਾ ਦੋਸ਼ੀ ਹੈ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਐਫਆਈਆਰ ਵਿੱਚ ਕੋਈ ਨਾਮ ਨਹੀਂ ਹੈ ਅਤੇ ਜੇਕਰ ਕੋਈ ਮੁਲਜ਼ਮ ਐਫਆਈਆਰ ਵਿੱਚ ਨਾਮ ਦਰਜ ਹੋਣ ਦੇ ਬਾਵਜੂਦ ਬਰੀ ਹੋ ਜਾਂਦਾ ਹੈ ਤਾਂ ਉਸ ਨੂੰ ਮਨੀ ਲਾਂਡਰਿੰਗ ਕਾਨੂੰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਸੀ ਕਿ ਸਰਕਾਰੀ ਗਵਾਹ ਬਣੇ ਦਿਨੇਸ਼ ਅਰੋੜਾ ਨੇ ਆਪਣੇ ਸਾਬਕਾ ਪੀਏ ਸਰਵੇਸ਼ ਮਿਸ਼ਰਾ ਰਾਹੀਂ ਸੰਜੇ ਸਿੰਘ ਨੂੰ 2 ਕਰੋੜ ਰੁਪਏ ਭੇਜੇ ਸਨ। ਦਿਨੇਸ਼ ਅਰੋੜਾ ਨੇ ਪੈਸੇ ਦੇਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗਵਾਹ ਅਲਫਾ (ਉਪਨਾਮ) ਨੇ ਵੀ ਦਿਨੇਸ਼ ਅਰੋੜਾ ਦੇ ਬਿਆਨ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਈਡੀ ਨੇ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।