ਨਵੀਂ ਦਿੱਲੀ: ਦਿੱਲੀ ਸਰਕਾਰ ਦਾ 10ਵਾਂ ਸਾਲਾਨਾ ਬਜਟ ਪੇਸ਼ ਕਰਦੇ ਹੋਏ ਦਿੱਲੀ ਦੇ ਵਿੱਤ ਮੰਤਰੀ ਆਤਿਸ਼ੀ ਨੇ ਵੱਡਾ ਐਲਾਨ ਕੀਤਾ ਹੈ। ਆਤਿਸ਼ੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਇਸ ਐਲਾਨ ਤੋਂ ਬਾਅਦ ਸਾਰੇ ਵਿਧਾਇਕ ਸਦਨ 'ਚ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਈਆਂ।
ਇਨ੍ਹਾਂ ਔਰਤਾਂ ਨੂੰ ਲਾਭ ਮਿਲੇਗਾ
- ਦਿੱਲੀ ਦੀਆਂ ਔਰਤਾਂ ਦਾ ਵੋਟਰ ਹੋਣਾ ਜ਼ਰੂਰੀ ਹੈ।
- ਇਨਕਮ ਟੈਕਸ ਅਦਾ ਕਰਨ ਵਾਲੀਆਂ ਔਰਤਾਂ ਨੂੰ ਇਹ ਲਾਭ ਨਹੀਂ ਮਿਲੇਗਾ।
- ਕਿਸੇ ਹੋਰ ਪੈਨਸ਼ਨ ਸਕੀਮ ਵਿੱਚ ਸ਼ਾਮਲ ਔਰਤਾਂ ਨੂੰ ਇਹ ਲਾਭ ਨਹੀਂ ਮਿਲੇਗਾ।
- ਸਰਕਾਰੀ ਮਹਿਲਾ ਕਰਮਚਾਰੀਆਂ ਨੂੰ ਇਹ ਲਾਭ ਨਹੀਂ ਮਿਲੇਗਾ।
76 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ: ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੋਮਵਾਰ ਨੂੰ ਦਿੱਲੀ ਲਈ 76 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਕੇਜਰੀਵਾਲ ਸਰਕਾਰ ਨੇ ਪਿਛਲੀ ਵਾਰ 2023-2034 ਵਿੱਚ ਦਿੱਲੀ ਲਈ 78 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਇਸ ਵਾਰ ਲਗਭਗ 2 ਹਜ਼ਾਰ ਕਰੋੜ ਰੁਪਏ ਦੀ ਕਮੀ ਆਈ ਹੈ। ਇਸ ਦੌਰਾਨ ਮੰਤਰੀ ਆਤਿਸ਼ੀ ਨੇ ਮਹਿਲਾ ਸਨਮਾਨ ਯੋਜਨਾ ਤਹਿਤ ਦਿੱਲੀ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ। ਔਰਤਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ 2024-2025 ਦੇ ਬਜਟ ਵਿੱਚ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ 2 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਸਕੀਮ ਦਾ ਐਲਾਨ ਹੂੰਦੇ ਹੀ ਵਜੀਆਂ ਤਾੜੀਆਂ: ਇਸ ਯੋਜਨਾ ਦਾ ਐਲਾਨ ਹੁੰਦੇ ਹੀ ਸਾਰੇ ਵਿਧਾਇਕ ਸਦਨ 'ਚ ਖੜ੍ਹੇ ਹੋ ਗਏ ਅਤੇ ਤਾੜੀਆਂ ਵਜਾਈਆਂ। ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਦੇ ਹੋਏ। ਮੰਤਰੀ ਆਤਿਸ਼ੀ ਨੇ ਅੱਗੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੀਆਂ 933 ਲੜਕੀਆਂ ਨੇ NEET ਦੀ ਪ੍ਰੀਖਿਆ ਪਾਸ ਕੀਤੀ ਹੈ, ਅਤੇ 123 ਲੜਕੀਆਂ ਨੇ JEE ਪ੍ਰੀਖਿਆ ਪਾਸ ਕੀਤੀ ਹੈ। ਸਾਡੀਆਂ ਬੱਸਾਂ ਵਿੱਚ ਹਰ ਰੋਜ਼ ਲਗਭਗ 11 ਲੱਖ ਔਰਤਾਂ ਮੁਫ਼ਤ ਸਫ਼ਰ ਕਰਦੀਆਂ ਹਨ। 2019 ਤੋਂ ਹੁਣ ਤੱਕ ਅਰਵਿੰਦ ਕੇਜਰੀਵਾਲ ਨੇ 153 ਕਰੋੜ ਵਾਰ ਦਿੱਲੀ ਦੀਆਂ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਆਜ਼ਾਦੀ ਦਿੱਤੀ ਹੈ।
ਸਵਾਤੀ ਮਾਲੀਵਾਲ ਨੇ ਕੀਤੀ ਸ਼ਲਾਘਾ: ਇਸ ਯੋਜਨਾ ਦੇ ਐਲਾਨ ਤੋਂ ਬਾਅਦ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਦਿੱਲੀ ਦੀਆਂ ਸਾਰੀਆਂ ਔਰਤਾਂ ਨੂੰ ਵਧਾਈ ਦਿੱਤੀ ਹੈ। ਐਕਸ (ਟਵਿੱਟਰ) 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ,"ਦਿੱਲੀ ਦੀਆਂ ਔਰਤਾਂ ਨੂੰ ਮੁਫਤ ਬੱਸ ਸਫਰ ਕਰਨ ਤੋਂ ਬਾਅਦ, ਹੁਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਹ ਬਹੁਤ ਹੀ ਸ਼ਲਾਘਾਯੋਗ ਹੈ। ਜਦੋਂ ਔਰਤਾਂ ਸਸ਼ਕਤ ਹੁੰਦੀਆਂ ਹਨ, ਤਾਂ ਸਮਾਜ ਮਜ਼ਬੂਤ ਹੁੰਦਾ ਹੈ।"