ਉੱਤਰ ਪ੍ਰਦੇਸ਼/ਫ਼ਿਰੋਜ਼ਾਬਾਦ: ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਸੇਵਾਮੁਕਤ ਸਿਪਾਹੀ ਠੰਡ ਤੋਂ ਬਚਣ ਲਈ ਬਰਤਨ ਵਿੱਚ ਅੱਗ ਬਾਲ ਕੇ ਸੌਂ ਗਿਆ। ਇਸ ਕਾਰਨ ਕਮਰੇ ਨੂੰ ਅੱਗ ਲੱਗ ਗਈ। ਉਸ ਦੀ ਰਜਾਈ ਨੂੰ ਵੀ ਅੱਗ ਲੱਗ ਗਈ। ਅੱਗ ਲੱਗਣ ਤੇ ਉਨ੍ਹਾਂ ਦੇ ਬੇਟੇ ਨੇ ਸ਼ੋਰ ਮਚਾਇਆ, ਜਿਸ ਤੋਂ ਬਾਅਦ ਲੋਕ ਫੌਜੀ ਨੂੰ ਬਚਾਉਣ ਲਈ ਭੱਜੇ ਆਏ ਪਰ ਉਦੋਂ ਤੱਕ 75 ਸਾਲਾ ਫੌਜੀ ਦੀ ਸੜ ਜਾਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਪਿੰਡ ਪਹੁੰਚ ਕੇ ਜਾਂਚ ਪੜਤਾਲ ਸ਼ੂਰੁ ਕਰ ਦਿੱਤੀ।
ਘਟਨਾ ਜ਼ਿਲ੍ਹੇ ਦੇ ਏਕਾ ਥਾਣਾ ਖੇਤਰ ਦੇ ਪਿੰਡ ਨਕਟਪੁਰ ਮੋਡ ਦੀ ਹੈ। ਪਿੰਡ ਵਿੱਚ 75 ਸਾਲਾ ਧਨਪਾਲ ਪੁੱਤਰ ਦੇਵੀ ਸਿੰਘ ਆਪਣੇ ਲੜਕੇ ਬਿਨੋਦ ਨਾਲ ਰਹਿੰਦਾ ਸੀ। ਉਹ ਫੌਜ ਤੋਂ ਸੇਵਾਮੁਕਤ ਹੋ ਚੁੱਕੇ ਸਨ। ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬੇਟਾ ਵਿਆਹਿਆ ਹੋਇਆ ਹੈ ਪਰ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਇਸ ਕਾਰਨ ਦੋਵੇਂ ਪਿਓ-ਪੁੱਤ ਘਰ 'ਚ ਇਕੱਲੇ ਰਹਿੰਦੇ ਸਨ। ਸ਼ੁੱਕਰਵਾਰ ਰਾਤ ਨੂੰ ਧਨਪਾਲ ਘਰ ਦੇ ਕਮਰੇ 'ਚ ਸੌਂ ਰਿਹਾ ਸੀ। ਪੁੱਤਰ ਉਨ੍ਹਾਂ ਤੋਂ ਕੁਝ ਦੂਰੀ 'ਤੇ ਸੁੱਤਾ ਪਿਆ ਸੀ। ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਧਨਪਾਲ ਨੇ ਤਸਲੇ ਵਿੱਚ ਅੱਗ ਬਾਲ ਕੇ ਮੰਜੇ ਕੋਲ ਰੱਖ ਦਿੱਤੀ ਸੀ। ਕੁਝ ਦੇਰ ਬਾਅਦ ਧਨਪਾਲ ਨੂੰ ਨੀਂਦ ਆ ਗਈ।
ਤਸਲੇ ਦੀ ਅੱਗ ਤੋਂ ਨਿਕਲੀ ਚੰਗਿਆੜੀ ਕਾਰਨ ਕਮਰੇ ਨੂੰ ਅੱਗ ਲੱਗ ਗਈ। ਧਨਪਾਲ ਦੀ ਰਜਾਈ ਨੂੰ ਵੀ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ ਬਿਨੋਦ ਨੇ ਰੌਲਾ ਪਾਇਆ ਤਾਂ ਪਿੰਡ ਵਾਸੀ ਇਕੱਠੇ ਹੋ ਗਏ ਪਰ ਉਦੋਂ ਤੱਕ ਧਨਪਾਲ ਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਧਨਪਾਲ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਹੈ। ਥਾਣਾ ਇੰਚਾਰਜ ਏਕਾ ਸ਼ਿਵਭਾਨ ਸਿੰਘ ਰਾਜਾਵਤ ਦਾ ਕਹਿਣਾ ਹੈ ਕਿ ਪਿੰਡ ਨਕਟਪੁਰ ਮੋੜ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਸੜ ਕੇ ਮੌਤ ਹੋਣ ਦੀ ਸੂਚਨਾ ਮਿਲੀ ਸੀ। ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।