ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਇਕ ਮੈਟਰੋ ਸਟੇਸ਼ਨ 'ਤੇ ਖੁਦਕੁਸ਼ੀ ਕਰਨ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਸਮੈਪੁਰ ਬਾਦਲੀ ਵੱਲ ਜਾ ਰਹੀ ਮੈਟਰੋ ਲਾਈਨ 'ਤੇ ਲੋਕਾਂ ਦੀ ਭੀੜ ਵਿਚਾਲੇ ਇਕ ਵਿਅਕਤੀ ਨੇ ਮੈਟਰੋ ਦੀ ਪਟੜੀ 'ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਵਿਅਕਤੀ ਨੇ ਮੈਟਰੋ ਦੇ ਸਾਹਮਣੇ ਆਉਂਦਿਆਂ ਹੀ ਛਾਲ ਮਾਰ ਦਿੱਤੀ।
ਡੀਸੀਪੀ ਮੈਟਰੋ ਸਟੇਸ਼ਨ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7:30 ਵਜੇ ਪੀਸੀਆਰ ਕਾਲ ਆਈ। ਜਿਸ ਵਿੱਚ ਏਮਜ਼ ਮੈਟਰੋ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਛਾਲ ਮਾਰਨ ਦੀ ਸੂਚਨਾ ਮਿਲੀ ਸੀ। ਇਸ ਦੀ ਸੂਚਨਾ ਐਸ.ਆਈ ਰਮੇਸ਼ ਕੁਮਾਰ ਨੂੰ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਆਈ ਰਮੇਸ਼ ਕੁਮਾਰ ਮੌਕੇ 'ਤੇ ਪਹੁੰਚੇ। ਜਿੱਥੇ ਉਸ ਨੂੰ ਪਤਾ ਲੱਗਾ ਕਿ ਏਮਜ਼ ਦੀ ਥਾਂ ਆਈਐਨਏ ਮੈਟਰੋ ਹੈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਕਰੀਬ 30 ਸਾਲ ਦੀ ਉਮਰ ਦੇ ਵਿਅਕਤੀ ਨੇ ਪਲੇਟਫਾਰਮ ਦੋ 'ਤੇ ਬਾਦਲੀ ਵੱਲ ਜਾ ਰਹੀ ਮੈਟਰੋ ਦੇ ਅੱਗੇ ਛਾਲ ਮਾਰ ਦਿੱਤੀ ਸੀ। ਇਸ ਦੀ ਲਾਸ਼ ਨੂੰ ਟਰੈਕ ਤੋਂ ਹਟਾ ਦਿੱਤਾ ਗਿਆ। ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਮੋਬਾਈਲ ਫੋਨ, ਦੋ ਮੈਟਰੋ ਕਾਰਡ ਅਤੇ ਕੁਝ ਦਵਾਈਆਂ ਬਰਾਮਦ ਹੋਈਆਂ।
ਲਾਸ਼ ਨੂੰ ਏਮਜ਼ ਦੇ ਟਰਾਮਾ ਸੈਂਟਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਉਸ ਦੇ ਮੋਬਾਈਲ ਫੋਨ ’ਤੇ ਆਈ ਕਾਲ ਰਾਹੀਂ ਹੋ ਸਕੀ। ਉਸ ਦੀ ਪਛਾਣ ਅਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸਤਿਆ ਨਿਕੇਤਨ ਵਜੋਂ ਹੋਈ ਹੈ। ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਮੰਡੀ ਹਾਊਸ ਮੈਟਰੋ ਸਟੇਸ਼ਨ 'ਤੇ ਇਕ ਨੌਜਵਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਉਸ ਵਿਅਕਤੀ ਦਾ ਨਾਂ ਰਵੀ ਸੀ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਸੀ।