ਚੰਡੀਗੜ੍ਹ/ਤਰਨ ਤਾਰਨ/ਰੂਪਨਗਰ: ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਗਿਆ ਹੈ। ਇਸ ਤਹਿਤ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿਸਾਨ ਪ੍ਰਦਰਸ਼ਨਕਾਰੀ ਰੇਲਵੇ ਟਰੈਕ ਜਾਮ ਕਰਕੇ ਪਟੜੀ ਉੱਤੇ ਬੈਠੇ ਨਜ਼ਰ ਆਏ। ਸੰਕੇਤਕ ਤੌਰ 'ਤੇ ਕਿਸਾਨਾਂ ਨੇ 2 ਵਜੇ ਤੱਕ ਇਹ ਰੇਲ ਰੋਕੋ ਅੰਦੋਲਨ ਉਲੀਕਿਆ ਗਿਆ ਸੀ।
ਕੀ ਹਨ ਮੁੱਖ ਮੰਗਾਂ
- ਲਖੀਮਪੁਰ ਲਖੀਰੀ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ।
- ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ।
- ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ।
- ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ।
ਸ਼ੰਭੂ ਬਾਰਡਰ 'ਤੇ ਰੇਲਵੇ ਟਰੈਕ ਜਾਮ
ਸ਼ੰਭੂ ਸਰਹੱਦ 'ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤਾ। ਇਸ ਦੌਰਾਨ ਕਿਸਾਨ ਵੱਡੀ ਗਿਣਤੀ 'ਚ ਰੇਲਵੇ ਟਰੈਕ 'ਤੇ ਪੁੱਜੇ। ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਰੇਲ ਪਟੜੀ ’ਤੇ ਬੈਠੇ ਹਨ। ਪੰਜਾਬ ਭਰ 'ਚ 30 ਤੋਂ ਵੱਧ ਥਾਵਾਂ 'ਤੇ ਅੱਜ ਕਿਸਾਨਾਂ ਨੇ ਰੇਲਗੱਡੀਆਂ ਨੂੰ ਰੋਕਿਆ।
ਮਾਨਸਾ ਵਿੱਚ ਰੇਲਾਂ ਰੋਕੀਆ
ਮਾਨਸਾ ਵਿਖੇ ਰੇਲ ਰੋਕੋ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਨੂੰ ਭਾਜਪਾ ਦੇ ਆਗੂਆਂ ਵੱਲੋਂ ਗੱਡੀ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਜਿਨਾਂ ਵਿੱਚ ਇੱਕ ਪੱਤਰਕਾਰ ਵੀ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਦੇ ਉੱਪਰ ਦਿੱਲੀ ਦੇ ਵਿੱਚ ਅੰਦੋਲਨ ਦੌਰਾਨ ਝੂਠੇ ਪਰਚੇ ਦਰਜ ਕੀਤੇ ਗਏ ਸੀ। ਪੰਜਾਬ ਦੇ ਵਿੱਚ ਵੀ ਦਰਜ ਕੀਤੇ ਗਏ ਪਰਚਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਦਾ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਰੇਲਵੇ ਸਟੇਸ਼ਨ ਫਤਿਹਗੜ੍ਹ ਸਾਹਿਬ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ 3 ਅਕਤੂਬਰ ਨੂੰ ਕਿਸਾਨੀ ਸੰਘਰਸ਼ ਦੇ ਦੌਰਾਨ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ 3 ਅਕਤੂਬਰ ਵਾਲੇ ਦਿਨ ਕੋਈ ਨਾ ਕੋਈ ਪ੍ਰੋਗਰਾਮ ਰੱਖਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ, ਤਾਂ ਜੋ ਇਸ ਘਟਨਾ ਨਾਲ ਸੰਬੰਧਿਤ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਵਾਈ ਜਾ ਸਕੇ। ਉੱਥੇ ਹੀ ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਮੌਕੇ ਉਨ੍ਹਾਂ ਵੱਲੋਂ ਜੋ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਰੱਖੀਆਂ ਗਈਆਂ ਸਨ, ਉਸ ਨੂੰ ਕੇਂਦਰ ਸਰਕਾਰ ਵੱਲੋਂ ਪੂਰਨ ਤੌਰ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ।
ਰੂਪਨਗਰ ਰੇਲ ਰੋਕੋ ਅੰਦੋਲਨ
ਰੂਪਨਗਰ ਰੇਲਵੇ ਸਟੇਸ਼ਨ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸ਼ੁਰੂ ਤੋਂ ਹੀ ਕਿਸਾਨ ਵਿਰੋਧੀ ਨੀਤੀ ਅਪਨਾਉਂਦਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਰੂਪਨਗਰ ਰੇਲਵੇ ਸਟੇਸ਼ਨ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ 3 ਅਕਤੂਬਰ ਨੂੰ ਕਿਸਾਨੀ ਸੰਘਰਸ਼ ਦੇ ਦੌਰਾਨ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ 3 ਅਕਤੂਬਰ ਵਾਲੇ ਦਿਨ ਕੋਈ ਨਾ ਕੋਈ ਪ੍ਰੋਗਰਾਮ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ, ਤਾਂ ਜੋ ਇਸ ਘਟਨਾ ਨਾਲ ਸੰਬੰਧਿਤ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਵਾਈ ਜਾ ਸਕੇ।
ਇਥੇ ਇਹ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਗੁੱਸਾ ਸਾਫ ਤੌਰ ਉੱਤੇ ਜ਼ਾਹਿਰ ਹੋਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਪੱਖ ਦੀ ਨਹੀਂ ਹੈ, ਉਹ ਹਮੇਸ਼ਾ ਕੋਪਰੇਟ ਦਾ ਰਹਿਣ ਦੀ ਗੱਲ ਕਰਦੀ ਹੈ ਅਤੇ ਕਿਸਾਨਾਂ ਉੱਤੇ ਮਾਰੂ ਨੀਤੀਆਂ ਲਿਆਉਣ ਦੀ ਗੱਲ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਉਲੀਕੀ ਜਾਂਦੀ ਹੈ। ਜਿਸ ਸਮੇਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਸਮੇਂ ਆਰਪੀਐਫ ਯਾਨੀ ਕਿ ਰੇਲਵੇ ਪੁਲਿਸ ਵੀ ਮੌਕੇ ਉੱਤੇ ਮੌਜੂਦ ਸੀ ਅਤੇ ਰੋਪੜ ਪੁਲਿਸ ਟੀਮ ਮੌਕੇ ਉੱਤੇ ਮੌਜੂਦ ਸੀ, ਤਾਂ ਜੋ ਕੋਈ ਅਣਸੁਖਾਵਨੀ ਘਟਨਾ ਨਾ ਘਟ ਸਕੇ।
ਤਰਨ ਤਾਰਨ 'ਚ ਧਰਨਾ
ਤਰਨ ਤਾਰਨ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਪਹੁੰਚ ਕੇ ਦੋ ਘੰਟੇ ਲਈ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਵਾਪਰੀ ਘਟਨਾ ਦੇ ਵਿੱਚ ਤੇ ਹੋਰ ਵੀ ਕਈ ਮੰਗਾਂ ਉੱਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਉੱਪਰ ਧੱਕੇ ਨਾਲ ਪਰਾਲੀ ਸਾੜਨ ਦਾ ਮੁੱਦਾ ਠੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨਿਕ ਢੰਗ ਨਾਲ ਦੇਖੀਏ ਤੇ 2% ਪ੍ਰਦੂਸ਼ਣ ਹੀ ਕਿਸਾਨਾਂ ਦੀ ਪਰਾਲੀ ਨਾਲ ਬਣਦਾ ਹੈ ਅਤੇ 98% ਪ੍ਰਦੂਸ਼ਣ ਕਿੱਥੋਂ ਆਉਂਦਾ ਹੈ, ਉਸ ਬਾਰੇ ਸਰਕਾਰ ਬੋਲਣ ਨੂੰ ਤਿਆਰ ਨਹੀਂ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਬਦਲਾਖੋਰੀ ਦੀ ਨੀਤੀ ਨਾਲ ਪਰਾਲੀ ਸਾੜਨ ਦਾ ਮੁੱਦਾ ਕਿਸਾਨਾਂ ਉੱਤੇ ਥੋਪ ਰਹੀ ਹੈ।
ਮੋਗਾ ਵਿੱਚ ਰੇਲ ਰੋਕੋ ਪ੍ਰਦਰਸ਼ਨ
ਮੋਗਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਹੋਰ ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਵੀ ਰੇਲ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆ। ਕੇਂਦਰ ਸਰਕਾਰ ਦੇ ਦਾਅਵੇ ਖੋਖਲੇ ਹਨ, ਹਰਿਆਣਾ ਚੋਣਾਂ 'ਤੇ ਵੀ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਲਾਂ ਰੋਕੀਆਂ ਗਈਆਂ।