ਸਵਾਰੀਆਂ ਨਾਲ ਭਰੀ ਟੈਂਪੂ ਟਰੈਵਲਰ ਪਲਟੀ, ਕਈ ਲੋਕ ਜ਼ਖ਼ਮੀ - ਟੈਂਪੂ ਟਰੈਵਲਰ ਵਿੱਚ 18 ਲੋਕ ਸਵਾਰ
ਰੂਪਨਗਰ: ਹਿਮਾਚਲ ਪ੍ਰਦੇਸ਼ ਦੇ ਜਵਾਲਾ ਜੀ ਤੋਂ ਨਤਮਸਤਕ ਹੋ ਕੇ ਹਰਿਆਣਾ ਦੇ ਪਲਵਲ ਜਾ ਰਹੀ ਇਕ ਟੈਂਪੂ ਟਰੈਵਲਰ ਗੱਡੀ ਰੋਪੜ ਦੇ ਨਜਦੀਕੀ ਪਿੰਡ ਭਿੰਡਰਨਗਰ ਨਜ਼ਦੀਕ ਹਾਦਸਾਗ੍ਰਸਤ ਹੋ ਗਈ ਜਿਸਦੇ ਚੱਲਦਿਆਂ ਗੱਡੀ ’ਚ ਸਵਾਰ ਅੱਧਾ ਦਰਜਨ ਦੇ ਲਗਭਗ ਲੋਕ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਪਿੰਡ ਵਾਸੀਆਂ ਵੱਲੋ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਇਹ ਹਾਦਸਾ ਰੋਪੜ ਤੋਂ ਨੂਰਪੁਰਬੇਦੀ ਮਾਰਗ ’ਤੇ ਪਿੰਡ ਭਿੰਡਰਨਗਰ ਵਿਖੇ ਵਾਪਰਿਆ ਹੈ। ਰਾਹਗੀਰਾਂ ਅਨੁਸਾਰ ਰੋਪੜ ਵੱਲੋਂ ਜਾ ਰਹੀ ਇੱਕ ਗੱਡੀ ਚਾਲਕ ਨੇ ਸਾਹਮਣਿਓ ਆ ਰਹੀ ਟੈਂਪੂ ਟਰੈਵਲਰ ਦੇ ਸਾਹਮਣੇ ਗੱਡੀ ਕਰ ਦਿੱਤੀ ਤੇ ਟੈਂਪੂ ਟਰੈਵਲਰ ਦਾ ਸੰਤੁਲਨ ਵਿਗੜ ਗਿਆ ਜਿਸਦੇ ਚੱਲਦਿਆਂ ਟੈਂਪੂ ਟਰੈਵਲਰ ਪਲਟ ਗਈ। ਟੈਂਪੂ ਟਰੈਵਲਰ ਵਿੱਚ 18 ਲੋਕ ਸਵਾਰ ਦੱਸੇ ਜਾ ਰਹੇ ਹਨ ਜਿੰਨਾਂ ਵਿੱਚ 6-7 ਲੋਕ ਜ਼ਖ਼ਮੀ ਹੋਏ ਹਨ ਜਿੰਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਪਹੁੰਚ ਗੱਡੀ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।