ਸੁਖਜਿੰਦਰ ਰੰਧਾਵਾ ਨੇ ਕਰਤਾਰਪੁਰ ਲਾਂਘੇ ਦੇ ਕਾਰਜਾਂ ਦਾ ਲਿਆ ਜਾਇਜ਼ਾ - ਕਰਤਾਰਪੁਰ ਲਾਂਘੇ ਦੇ ਕਾਰਜਾਂ ਦਾ ਜਾਇਜ਼ਾ
ਗੁਰਦਾਸਪੁਰ: ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਲੈਂਡਪੋਰਟ ਅਥਾਰਟੀ ਆਫ ਇੰਡੀਆ ਅਤੇ ਹਾਈਵੇਅ ਅਥਾਰਟੀ ਆਫ ਇੰਡੀਆ ਦਰਮਿਆਨ ਇੱਕ ਗੈਰ-ਰਸਮੀ ਬੈਠਕ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਨਿਰਮਾਣ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਰੰਧਾਵਾ ਵੱਲੋਂ ਲਾਂਘੇ ਦੇ ਰਸਤੇ ਵਿੱਚ ਖ਼ੁਸ਼ਬੂਦਾਰ ਫੁੱਲ-ਬੂਟੇ ਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਲਾਂਘੇ ਦੇ ਮੁੱਖ ਸਵਾਗਤੀ ਗੇਟ ਉੱਪਰ ਗੁਰੂ ਨਾਨਕ ਦੇਵ ਜੀ ਦੇ ਭਗਤ ਰਾਏ ਦੀ ਤਸਵੀਰ ਲਗਾਈ ਜਾਵੇਗੀ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਨਨਕਾਣਾ ਸਾਹਿਬ ਵਿਖੇ ਜ਼ਮੀਨ ਭੇਟ ਕੀਤੀ ਸੀ। ਮੀਟਿੰਗ ਦੌਰਾਨ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੌਰੀਡੋਰ ਨਿਰਮਾਣ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ। ਮੀਟਿੰਗ ਉਪਰੰਤ ਰੰਧਾਵਾ ਨੇ ਦੱਸਿਆ ਕਿ ਆਉਂਦੀ 19 ਤਰੀਕ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਪੰਜਾਬ ਦੇ ਸਾਰੇ ਮੰਤਰੀ ਸ਼ਾਮਿਲ ਹੋਣਗੇ।