ਗਾਰਬੇਜ ਪ੍ਰੋਸੈਸਿੰਗ ਪਲਾਂਟ ਮਾਮਲਾ: ਹਾਈ ਕੋਰਟ ਨੇ ਕੇਸ ਸੁਲਝਾਉਣ ਲਈ ਆਰਬਿਟਰੇਟਰ ਕੀਤਾ ਨਿਯੁਕਤ
ਚੰਡੀਗੜ੍ਹ: ਨਗਰ ਨਿਗਮ ਅਤੇ ਜੇਪੀ ਐਸੋਸੀਏਸ਼ਨ ਨਾਲ ਗਾਰਬੇਜ ਪ੍ਰੋਸੈਸਿੰਗ ਪਲਾਂਟ ਲਈ ਕਰਾਰ ਰੱਦ ਕਰ ਦਿੱਤਾ ਗਿਆ ਹੈ। ਇਸ ਕਰਾਰ ਨੂੰ ਲੈ ਕੇ ਦੋਹਾਂ ਦਰਮਿਆਨ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕੇਸ ਚਲ ਰਿਹਾ ਹੈ। ਸੋਲਿਡ ਵੇਸਟ ਮੈਨੇਜਮੈਂਟ ਗਾਰਬੇਜ ਪ੍ਰੋਸੈਸਿੰਗ ਪਲਾਂਟ ਨੂੰ ਸੰਭਾਲਣ ਸਬੰਧੀ ਨਗਰ ਨਿਗਮ ਅਤੇ ਜੇਪੀ ਐਸੋਸੀਏਸ਼ਨ ਦਰਮਿਆਨ ਚੱਲ ਰਹੀ ਤਕਰਾਰ ਨੂੰ ਸੁਲਝਾਉਣ ਲਈ ਹਾਈ ਕੋਰਟ ਨੇ ਆਰਬਿਟਰੇਟਰ ਨਿਯੁਕਤ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਇਸ ਕੇਸ ਲਈ ਆਰਬਿਟਰੇਟਰ ਰਿਟਾਇਰਡ ਹਾਈ ਕੋਰਟ ਦੇ ਜੱਜ ਜਸਟਿਸ ਏ.ਐੱਲ.ਬਾਹਰੀ ਨੂੰ ਬਣਾਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਬੀਐੱਸ ਵਾਲੀਆ ਨੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਦਾਖ਼ਲ ਕੀਤੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਇਹ ਆਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਹਾਲਾਂਕਿ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਇਸ ਮਾਮਲੇ ਨੂੰ ਆਰਬਿਟਰੇਟਰ ਨਹੀਂ ਸੁਲਝਾ ਲੈਂਦੇ ਤਦ ਤੱਕ ਨਗਰ ਨਿਗਮ ਚੰਡੀਗੜ੍ਹ ਗਾਰਬੇਜ ਪ੍ਰੋਸੈਸਿੰਗ ਪਲਾਂਟ ਚਲਾਉਣਗੇ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਪਲਾਂਟ ਦਾ ਕਬਜਾ ਲੈਣ ਦੇ ਫੈਸਲੇ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।