ਮੰਡੀਆਂ 'ਚ ਸਰੇਆਮ ਲੁੱਟੇ ਜਾ ਰਹੇ ਕਿਸਾਨ, ਸੁੱਤੀ ਪਈ ਸਰਕਾਰ : ਹਰਪਾਲ ਚੀਮਾ
ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਹੁਸ਼ਿਆਰਪੁਰ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ 'ਆਪ' ਪਾਰਟੀ ਦੇ ਕਈ ਆਗੂ ਵੀ ਮੌਜੂਦ ਰਹੇ ਹਨ। ਹਰਪਾਲ ਚੀਮਾ ਨੇ ਮੀਡੀਆ ਨਾਲ ਰੁਬਰੂ ਹੁੰਦਿਆਂ ਕਿਹਾ ਕਿ ਮੰਡੀਆਂ 'ਚ ਸਰੇਆਮ ਕਿਸਾਨਾਂ ਨਾਲ ਲੁੱਟ ਹੋ ਰਹੀ ਹੈ,ਪਰ ਪੰਜਾਬ ਸਰਕਾਰ ਸੁੱਤੀ ਪਈ ਹੈ। ਇਸ ਦੌਰਾਨ ਉਨ੍ਹਾਂ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਸਮਰਥਕ ਅਕਾਲੀ ਦਲ ਦੇ ਲੋਕ ਸੂਬੇ ਦੀਆਂ ਅਨਾਜ ਮੰਡੀਆਂ ਦੇ ਅਸਲ ਹਲਾਤਾਂ ਤੋਂ ਵਾਕਫ ਨਹੀਂ ਹਨ। ਇਥੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਅਸਲ ਮੁੱਲ ਨਹੀਂ ਮਿਲਦਾ। 'ਆਪ' ਆਗੂਆਂ ਨੇ ਇਥੋਂ ਦੇ ਮੰਤਰੀ ਸੋਮ ਪ੍ਰਕਾਸ਼ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਾਂਗਰਸ ਸਰਕਾਰ 'ਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿਸਾਨਾਂ ਦੇ ਸਮਰਥਨ 'ਚ ਆਮ ਆਦਮੀ ਪਾਰਟੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦੀ ਹੈ।