ਅਕਾਲੀ ਦਲ ਹੈ ਅੱਤਵਾਦੀਆਂ ਦੀ ਪਾਰਟੀ: ਕੁਲਬੀਰ ਸਿੰਘ ਜ਼ੀਰਾ - punjab vidhan sabha
ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਅੱਤਵਾਦੀਆਂ ਨਾਲ ਸਬੰਧ ਹੋਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪਰਮਿੰਦਰ ਸਿੰਘ ਪਿੰਕੀ ਵੱਲੋਂ ਵੀ ਅਕਾਲੀ ਦਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਕਾਂਗਰਸੀ ਵਿਧਾਇਕਾਂ ਨੇ ਅਕਾਲੀ ਦਲ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮੀਡੀਆ ਨਾਲ ਫ਼ੋਟੋਆਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਮੱਲਾ ਜੋ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਨ, ਉਸ ਦੇ ਸਬੰਧ ਨਸ਼ੇ ਤਸਕਰਾਂ ਤੇ ਅੱਤਵਾਦੀਆਂ ਦੇ ਨਾਲ ਹਨ। ਕੁਲਬੀਰ ਜ਼ੀਰਾ ਨੇ ਕਿਹਾ ਕਿ ਅਕਾਲੀ ਦਲ ਅੱਤਵਾਦੀਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਤਾਂ ਸ਼ਰੇਆਮ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਉਹ ਅੱਤਵਾਦੀ ਹਨ ਤੇ ਅੱਤਵਾਦੀ ਹੀ ਰਹਿਣਗੇ।