ਬੇਅਦਬੀ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਸਪੱਸ਼ਟੀਕਰਨ
ਅੰਮ੍ਰਿਤਸਰ: ਬਰਗਾੜੀ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ ਵਲੋਂ ਲਗਾ ਕੇ ਰੱਖਿਆ ਮੋਰਚਾ ਪੰਜ ਕਾਂਗਰਸੀ ਵਿਧਾਇਕਾਂ ਵਲੋਂ ਚੁਕਵਾ ਦਿੱਤਾ ਸੀ। ਇਸ ਤੋਂ ਬਾਅਦ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਇੰਨ੍ਹਾਂ ਪੰਜ ਵਿਧਾਇਕਾਂ ਤੋਂ ਸਪੱਸ਼ਟੀਕਰਨ ਮੰਗਿਆ ਸੀ। ਜਿਸ 'ਚ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ 'ਤੇ ਇਸ ਦੀ ਜਿੰਮੇਵਾਰੀ ਪਾ ਦਿੱਤੀ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣਾ ਸਪੱਸ਼ੀਕਰਨ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਭੇਜਿਆ ਗਿਆ। ਜਿਸ 'ਚ ਉਨ੍ਹਾਂ ਵੱਖ-ਵੱਖ ਅਦਾਲਤਾਂ 'ਚ ਮਾਮਲੇ ਚੱਲਣ ਦਾ ਹਵਾਲਾ ਦਿੱਤਾ। ਕੈਪਟਨ ਦੇ ਸਪੱਸ਼ਟੀਕਰਨ ਤੋਂ ਨਾਖੁਸ਼ ਧਿਆਨ ਸਿੰਘ ਮੰਡ ਵਲੋਂ ਮੁੜ ਪੰਜ ਵਿਧਾਇਕਾਂ ਤੋਂ ਜਵਾਬ ਮੰਗਿਆ ਗਿਆ ਹੈ। ਇਸ 'ਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਹਰਮਿੰਦਰ ਸਿੰਘ ਗਿੱਲ,ਕੁਲਬੀਰ ਸਿੰਘ ਜ਼ੀਰਾ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦਾ ਨਾਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜੇਕਰ 5 ਦਸੰਬਰ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਖਿਲਾਫ਼ ਹੁਕਮਨਾਮਾ ਵੀ ਜਾਰੀ ਕੀਤਾ ਜਾਵੇਗਾ।