ਵੋਟਾਂ ਮੰਗਣ ਆਇਆ ਰਾਜਾ ਬੇਰੰਗ ਵਾਪਸ
ਜ਼ਿਮਨੀ ਚੋਣਾਂ 'ਚ ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਦੇ ਹੱਕ 'ਚ ਰੋਡ ਸ਼ੋਅ ਕੱਢਿਆ ਗਿਆ। ਵੋਟਰਾਂ ਨੂੰ ਲੁਭਾਉਣ ਲਈ ਕੱਢੇ ਇਸ ਰੋਡ ਸ਼ੋਅ 'ਚ ਲੋਕਾਂ ਵਿੱਚ ਮੁੱਖ ਮੰਤਰੀ ਲਈ ਨਿਰਾਸ਼ਾ ਵੇਖਣ ਨੂੰ ਮਿਲੀ। ਸਥਾਨਕ ਲੋਕਾਂ ਨੇ ਇਸ ਦੌਰਾਨ ਕਿਹਾ ਕਿ ਉਹ ਘਰੋਂ ਉਮੀਦ ਲੈ ਕੇ ਆਏ ਸੀ ਕਿ ਮੁੱਖ ਮੰਤਰੀ ਉਨ੍ਹਾਂ ਦੀਆਂ ਪਰੇਸ਼ਾਨੀਆਂ ਸੁਣਨਗੇ, ਪਰ ਉਹ ਸਾਡੇ ਨਾਲ ਗੱਲ ਕਰੇ ਬਗੈਰ ਗੱਡੀ 'ਚ ਬੈਠ ਕੇ ਨਿਕਲ ਗਏ। ਦੂਜੇ ਪਾਸੇ ਵੇਖਣ ਵਾਲੀ ਇੱਕ ਖ਼ਾਸ ਗੱਲ ਇਹ ਰਹੀ ਕਿ ਕਾਂਗਰਸ ਵਰਕਰਾਂ ਨਾਲੋਂ ਜਿਆਦਾ ਪੁਲਿਸ ਦੀ ਤੈਨਾਤੀ ਸੀ। ਇਸ ਦੌਰਾਨ ਜਦ ਕੈਪਟਨ ਦਾ ਰੋਡ ਸ਼ੋਅ ਭਾਜਪਾ ਦਫ਼ਤਰ ਦੇ ਸਾਹਮਣੋਂ ਨਿਕਲਿਆਂ ਤਾਂ ਭਾਰੀ ਗਿਣਤੀ 'ਚ ਪੁੱਜੇ ਭਾਜਪਾ ਸਮਰਥਕਾਂ ਨੇ "ਮੋਦੀ-ਮੋਦੀ" ਦੀ ਨਾਅਰੇਬਾਜ਼ੀ ਕਰ, ਉਨ੍ਹਾਂ ਨੂੰ ਭਾਜਪਾ ਦੇ ਝੰਡੇ ਵਿਖਾਏ। ਕੈਪਟਨ ਭਾਵੇ ਵੋਟਾਂ ਮੰਗਣ ਲਈ ਮੁਕੇਰੀਆਂ ਆਏ ਸਨ, ਪਰ ਲੋਕਾਂ ਨੂੰ ਮਿਲੇ ਬਗੈਰ ਬਰੰਗ ਚਿੱਠੀ ਵਾਂਗੂ ਉਹ ਵਾਪਸ ਮੁੜ ਗਏ।