ਨਸ਼ਾ ਛਡਾਊ ਕੇਂਦਰ ਦੇ ਮਰੀਜ਼ਾਂ ਨੂੰ ਦਵਾਈਆਂ ਘਰ ਲਿਜਾਣ ਦੀ ਮਨਜ਼ੂਰੀ - chandigarh news update
ਚੰਡੀਗੜ੍ਹ: ਨੋਵਲ ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਚੁਣੌਤੀ ਭਰੇ ਸਮੇਂ ਦੌਰਾਨ ਨਸ਼ਾ ਪੀੜਤ ਮਰੀਜ਼ਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਨੜਾ ਪੀੜਤ ਮਰੀਜ਼ਾਂ ਵੱਡੀ ਰਾਹਤ ਵਜੋਂ ਸੂਬਾ ਸਰਕਾਰ ਨੇ 198 ਓਟ (ਓ.ਓ.ਟੀ.) ਕਲੀਨਿਕ, 35 ਸਰਕਾਰੀ ਨਸ਼ਾ ਛਡਾਊ ਕੇਂਦਰਾਂ ਅਤੇ 108 ਲਾਇਸੰਸਸ਼ੁਦਾ ਪ੍ਰਾਇਵੇਟ ਨਸ਼ਾ ਛਡਾਊ ਕੇਂਦਰਾਂ 'ਚ ਇਲਾਜ ਦੌਰਾਨ ਮਰੀਜ਼ਾਂ ਨੂੰ ਦਵਾਈ ਘਰ ਲੈ ਜਾਣ ਦੀ ਆਗਿਆ ਦਿੱਤੀ ਹੈ। ਇਹ ਆਗਿਆ ਮਾਨਸਿਕ ਰੋਗਾਂ ਦੇ ਡਾਕਟਰ ਵੱਲੋਂ ਮੁਲਾਂਕਣ ਤੋਂ ਬਾਅਦ ਰਜਿਸਟਰਡ ਮਰੀਜ਼ਾਂ ਨੂੰ ਬੁਪ੍ਰੇਨੋਰਫਾਈਨ + ਨਲੋਕਸੋਨ ਦਵਾਈਆਂ ਦੀ ਦੋ ਹਫਤੇ ਦੀ ਡੋਜ਼ ਘਰ ਲੈਜਾਣ ਦੀ ਸਹੂਲਤ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੀ ਆਦਤ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਇਹ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ।