ਵਿਧਾਇਕ ਰਾਜ ਕੁਮਾਰ ਵੇਰਕਾ ਦੀ ਕੋਠੀ ਦੇ ਬਾਹਰ ਪਸ਼ੂ ਪ੍ਰੇਮੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ: ਸ਼ਹਿਰ 'ਚ ਪਸ਼ੂ ਪ੍ਰੇਮੀ ਐਸੋਸੀਏਸ਼ਨ ਤੇ ਐਂਟੀ ਕ੍ਰਾਇਮ ਐਂਡ ਐਨੀਮਲ ਪ੍ਰੋਟੈਕਸ਼ਨ ਸੈੱਲ ਵੱਲੋਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦੀ ਕੋਠੀ ਦਾ ਘਿਰਾਓ ਕਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਜਨਤਾਂ ਤੋਂ ਗਊ ਸੈੱਸ ਦੀ ਵਸੂਲੀ ਕਰ ਰਹੀ ਹੈ, ਪਰ ਇਸ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਅਜੇ ਵੀ ਕਈ ਬੇਸਹਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ।ਠੰਢ ਦੇ ਮੌਸਮ 'ਚ ਧੁੰਦ ਦੇ ਚਲਦੇ ਕਈ ਵਾਰ ਅਵਾਰਾ ਪਸ਼ੂਆਂ ਨਾਲ ਟੱਕਰ ਦੇ ਕਾਰਨ ਕਈ ਸੜਕ ਹਾਦਸੇ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਪੰਜਾਬ ਸਰਕਾਰ ਕੋਲੋਂ ਹੁਣ ਤੱਕ ਇੱਕਠੇ ਕੀਤੇ ਗਏ ਗਊ ਸੈੱਸ ਦਾ ਹਿਸਾਬ ਮੰਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬੇਸਹਾਰਾ ਪਸ਼ੂਆਂ ਲਈ ਨਵੀਂ ਗਊਸ਼ਾਲਾ ਦੀ ਉਸਾਰੀ ਕਰਵਾਏ ਤੇ ਚਾਰੇ ਦਾ ਪ੍ਰਬੰਧ ਕਰੇ ਜਾਂ ਫਿਰ ਲੋਕਾਂ ਤੋਂ ਗਊ ਸੈੱਸ ਦੇ ਨਾਂਅ 'ਤੇ ਹੋ ਰਹੀ ਠੱਗੀ 'ਤੇ ਪਾਬੰਦੀ ਲਾਵੇ।