ਜਲੰਧਰ 'ਚ ਸਬ ਇੰਸਪੈਕਟਰ ਦੀ ਗੋਲੀ ਲੱਗਣ ਨਾਲ ਹੋਈ ਮੌਤ
Published : Jan 12, 2024, 7:23 AM IST
ਜਲੰਧਰ ਵਿੱਚ ਸਰਕਾਰੀ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਸਿਰ 'ਚ ਵੱਜਣ ਕਾਰਨ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ 50 ਸਾਲਾ ਸਬ-ਇੰਸਪੈਕਟਰ, ਜੋ ਕਿ ਦਿਹਾਤੀ ਇਲਾਕੇ 'ਚ ਸੇਵਾ ਨਿਭਾਅ ਰਿਹਾ ਸੀ, ਭੋਗਪੁਰ ਦਾ ਰਹਿਣ ਵਾਲਾ ਸੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸੀ.ਆਈ.ਏ. ਸਟਾਫ ਦਿਹਾਤੀ ਦੇ ਦਫਤਰ ਕੋਲ ਬਣੀ ਪਾਰਕਿੰਗ 'ਚ ਬੁੱਧਵਾਰ ਸ਼ਾਮ ਕਰੀਬ 6.30 ਵਜੇ ਆਪਣੀ ਕਾਰ 'ਚ ਬੈਠ ਕੇ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੇ ਪਿਸਤੌਲ 'ਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ 'ਚ ਲੱਗੀ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ASI ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਤੇ ਮ੍ਰਿਤਕ ਦੀ ਕਾਰ ਤੇ ਉਸ ਦਾ ਸਰਕਾਰੀ ਪਿਸਤੌਲ ਆਪਣੇ ਕਬਜ਼ੇ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿਸ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।