ਐਕਸਾਈਜ਼ ਵਿਭਾਗ ਨੇ 20 ਹਜ਼ਾਰ ਲੀਟਰ ਕੱਚੀ ਲਾਹਣ ਕੀਤੀ ਨਸ਼ਟ
ਫ਼ਾਜ਼ਿਲਕਾ: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਐਕਸਾਈਜ਼ ਵਿਭਾਗ ਹਰਕਤ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ, ਜ਼ਿਲਾ ਫ਼ਾਜ਼ਿਲਕਾ ਦੇ ਪਿੰਡ ਮਹਾਲਮ ਵਿੱਚ ਵਿਭਾਗ ਨੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚਲਦਿਆਂ ਪਿੰਡ ਮਹਾਲਮ ਦੇ ਵੱਖ ਵੱਖ ਘਰਾਂ ਅਤੇ ਖੇਤਾਂ ਵਿਚੋਂ ਐਕਸਾਈਜ਼ ਅਤੇ ਪੁਲਿਸ ਨੇ ਸਾਂਝੀ ਰੇਡ ਕਰਕੇ 20 ਹਜ਼ਾਰ ਲੀਟਰ ਕੱਚੀ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਹੈ। 200 ਲੀਟਰ ਲਾਹਣ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲਾ ਫ਼ਾਜ਼ਿਲਕਾ ਦੇ ਜਲਾਲਾਬਾਦ ਹਲਕੇ ਦੇ ਪਿੰਡ ਮਹਾਲਮ ਵਿੱਚ ਜ਼ਿਆਦਾਤਰ ਲੋਕ ਕੱਚੀ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਆਏ ਦਿਨ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ, ਪਰੰਤੂ ਕਈ ਸਰਕਾਰਾਂ ਬਦਲਣ ਤੋਂ ਬਾਅਦ ਵੀ ਨਾਜਾਇਜ਼ ਧੰਦੇ ਕਰਨ ਵਾਲਿਆਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।