ਹੈਦਰਾਬਾਦ: ਸਿਹਤਮੰਦ ਰਹਿਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਟੀਕਾਕਰਨ ਬਿਮਾਰੀਆਂ ਅਤੇ ਵਾਈਰਸਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਦੇ ਵਿਰੁੱਧ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਦਾ ਹੈ। WHO ਅਨੁਸਾਰ, ਜੇਕਰ ਸਹੀ ਤਰੀਕੇ ਨਾਲ ਟੀਕਾਕਰਨ ਕੀਤਾ ਜਾਵੇ, ਤਾਂ ਕਈ ਲੋਕਾਂ ਦੀਆਂ ਜਾਨਾਂ ਬਚਾਈਆ ਜਾ ਸਕਦੀਆਂ ਹਨ। ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾਕਰਨ ਦਾ ਫਾਇਦਾ ਮਿਲ ਸਕੇ, ਇਸ ਲਈ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਭਰ 'ਚ ਕਈ ਨਵਜੰਮੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ।
ਵਿਸ਼ਵ ਟੀਕਾਕਰਨ ਦਿਵਸ ਦਾ ਇਤਿਹਾਸ:ਕਿਹਾ ਜਾਂਦਾ ਹੈ ਕਿ 11ਵੀ ਸਦੀ ਦੀ ਸ਼ੁਰੂਆਤ 'ਚ ਚੀਨ ਵਿੱਚ ਬੋਧੀ ਭਿਕਸ਼ੂ ਇਮਿਊਨਟੀ ਸਿਸਟਮ ਨੂੰ ਵਧਾਉਣ ਲਈ ਸੱਪ ਦਾ ਜ਼ਹਿਰ ਪੀਂਦੇ ਸੀ ਅਤੇ ਚੇਚਕ ਦੇ ਪ੍ਰਤੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਵਾਇਰਸ 'ਤੇ ਆਪਣੇ ਹੰਝੂ ਸੁੱਟਦੇ ਸੀ। ਐਡਵਰਡ ਜੇਨਰ ਨੂੰ ਟੀਕਾਕਰਨ ਦਾ ਪਿਤਾ ਮੰਨਿਆ ਜਾਂਦਾ ਹੈ। 1796 'ਚ ਉਨ੍ਹਾਂ ਨੇ 13 ਸਾਲ ਦੇ ਮੁੰਡੇ ਨੂੰ ਪਹਿਲੀ ਵਾਰ vaccinia ਵਾਈਰਸ ਦਾ ਟੀਕਾ ਲਗਾਇਆ ਸੀ ਅਤੇ ਲੋਕਾਂ ਨੂੰ ਦਿਖਾਇਆ ਸੀ ਕਿ ਚੇਚਕ ਦੇ ਪ੍ਰਤੀ ਕਿਵੇਂ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੇਚਕ ਦਾ ਪਹਿਲਾ ਟੀਕਾ 1796 'ਚ ਵਿਕਸਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਕਈ ਬਿਮਾਰੀਆਂ ਅਤੇ ਵਾਈਰਸਾਂ ਦੇ ਵਿਰੁੱਧ ਟੀਕੇ ਵਿਕਸਿਤ ਕੀਤੇ ਗਏ ਹਨ। ਇਨ੍ਹਾਂ 'ਚ ਹੈਜ਼ਾ, ਪੋਲੀਓ, ਖਸਰਾ ਅਤੇ ਟੈਟਨਸ ਵਰਗੀਆਂ ਬਿਮਾਰੀਆਂ ਦੇ ਕਈ ਟੀਕੇ ਸ਼ਾਮਲ ਹਨ।