ਹੈਦਰਾਬਾਦ: ਦਹੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਕਈ ਲੋਕ ਭੋਜਨ ਦੇ ਨਾਲ ਦਹੀ ਵੀ ਖਾਣਾ ਪਸੰਦ ਕਰਦੇ ਹਨ। ਇਸ ਨਾਲ ਪਾਚਨ ਸਿਹਤਮੰਦ ਰਹਿੰਦਾ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਜੇਕਰ ਤੁਹਾਨੂੰ ਦਹੀ ਪਸੰਦ ਨਹੀਂ ਹੈ, ਤਾਂ ਤੁਸੀਂ ਇਸਦਾ ਰਾਇਤਾ ਬਣਾ ਕੇ ਵੀ ਖਾ ਸਕਦੇ ਹੋ। ਰਾਇਤੇ ਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਬਣਾਇਆ ਜਾ ਸਕਦਾ ਹੈ। ਦਹੀ ਵਿੱਚ ਬੂੰਦੀ, ਸਬਜ਼ੀਆਂ ਅਤੇ ਫਲ ਵੀ ਮਿਲਾਏ ਜਾ ਸਕਦੇ ਹਨ। ਫਲਾਂ ਤੋਂ ਬਣਾਇਆ ਗਿਆ ਰਾਇਤਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਫਰੂਟ ਰਾਇਤਾ ਬਣਾਉਣ ਦਾ ਤਰੀਕਾ:ਇੱਕ ਕੌਲੀ 'ਚ ਤਾਜ਼ਾ ਦਹੀ ਲਓ। ਫਿਰ ਉਸ 'ਚ ਆਪਣੀ ਪਸੰਦ ਅਤੇ ਮੌਸਮ ਦੇ ਹਿਸਾਬ ਨਾਲ ਫਲਾਂ ਦੇ ਛੋਟੇ-ਛੋਟੇ ਟੁੱਕੜੇ ਕਰਕੇ ਪਾ ਦਿਓ। ਫਰੂਟ ਰਾਇਤੇ ਵਿੱਚ ਤੁਸੀਂ ਨਾਸ਼ਪਤੀ, ਚੀਕੂ, ਆਲੂ ਬੁਖਾਰਾ, ਸਟ੍ਰਾਬੈਰੀ ਵਰਗੇ ਫਲ ਸ਼ਾਮਲ ਕਰ ਸਕਦੇ ਹੋ। ਜੇਕਰ ਤੁਹਾਨੂੰ ਖੱਟਾ-ਮਿੱਠਾ ਸਵਾਦ ਪਸੰਦ ਨਹੀਂ ਹੈ, ਤਾਂ ਇਸ 'ਚ ਲੂਣ ਦੇ ਨਾਲ ਤੁਸੀਂ ਖੰਡ ਮਿਲਾ ਸਕਦੇ ਹੋ।
ਫਰੂਟ ਰਾਇਤੇ ਦੇ ਫਾਇਦੇ:-
ਹੱਡੀਆਂ ਅਤੇ ਮਾਸਪੇਸ਼ੀਆਂ ਲਈ ਫਰੂਟ ਰਾਇਤਾ ਫਾਇਦੇਮੰਦ:ਦਹੀ ਪ੍ਰੋਟੀਨ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹੁੰਦਾ ਹੈ ਅਤੇ ਫਲ ਵਿਟਾਮਿਨਸ ਨਾਲ ਭਰਪੂਰ ਹੁੰਦੇ ਹਨ। ਜੇਕਰ ਤੁਸੀਂ ਆਪਣੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਫਰੂਟ ਰਾਇਤੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ। ਇਸ ਨਾਲ ਹੱਡੀਆਂ ਮਜ਼ਬੂਤ ਹੋਣਗੀਆ।
ਕਬਜ਼ ਤੋਂ ਰਾਹਤ ਦਿਵਾਉਣ 'ਚ ਫਰੂਟ ਰਾਇਤਾ ਮਦਦਗਾਰ: ਦਹੀ 'ਚ ਮੌਜ਼ੂਦ ਪ੍ਰੋਬਾਇਓਟਿਕਸ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਫਲਾਂ 'ਚ ਫਾਇਬਰ ਦੀ ਮਾਤਰਾ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਣ ਹੁੰਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਹੁੰਦੇ ਹਨ।
ਫਰੂਟ ਰਾਇਤਾ ਖਾਣ ਨਾਲ ਬਦਹਜ਼ਮੀ ਤੋਂ ਰਾਹਤ: ਗਲਤ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਬਦਹਜ਼ਮੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਬਦਹਜ਼ਮੀ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਫਰੂਟ ਰਾਇਤਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਗੈਸ, ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।