ਹੈਦਰਾਬਾਦ:ਅੱਖ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਇਸ ਕਰਕੇ ਅੱਖਾਂ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਮਜ਼ੋਰ ਨਜ਼ਰ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਤੇਜ਼ ਰਹੇ ਤਾਂ ਤੁਹਾਨੂੰ ਆਪਣੀ ਡਾਈਟ ਅਤੇ ਲਾਈਫ ਸਟਾਈਲ ਦਾ ਖਾਸ ਧਿਆਨ ਰੱਖਣਾ ਹੋਵੇਗਾ। ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਈ ਰੱਖਣ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਖਾਂ ਦੀ ਸਿਹਤ ਲਈ ਸਹੀ ਮਾਤਰਾ ਵਿਚ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਹੇਠਾਂ ਕੁਝ ਅਜਿਹੇ ਭੋਜਣਾ ਦੀ ਸੂਚੀ ਦਿੱਤੀ ਗਈ ਹੈ, ਜੋ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹੋ ਸਕਦੇ ਹਨ।
ਮੱਛੀ:ਮੱਛੀ ਦਾ ਸੇਵਨ ਅੱਖਾਂ ਦੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ। ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਦੀ ਮਾਤਰਾ ਕਾਫ਼ੀ ਹੁੰਦੀ ਹੈ। ਓਮੇਗਾ-3 ਦੇ ਸਭ ਤੋਂ ਵੱਧ ਲਾਭਕਾਰੀ ਪੱਧਰਾਂ ਵਾਲੀਆਂ ਮੱਛੀਆਂ ਹਨ ਟੂਨਾ, ਸਾਲਮਨ, ਟਰਾਊਟ, ਮੈਕਰੇਲ, ਸਾਰਡੀਨ ਅਤੇ ਹੈਰਿੰਗ। ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਮੱਛੀ ਦਾ ਤੇਲ ਅੱਖਾਂ ਦੀ ਖੁਸ਼ਕੀ ਨੂੰ ਦੂਰ ਕਰ ਸਕਦਾ ਹੈ।
ਸੁੱਕੇ ਮੇਵੇ: ਅਖਰੋਟ ਅਤੇ ਫਲ਼ੀਦਾਰਾਂ ਵਿੱਚ ਓਮੇਗਾ -3 ਫੈਟੀ ਐਸਿਡ ਅਤੇ ਵਿਟਾਮਿਨ ਈ ਹੁੰਦੇ ਹਨ, ਜੋ ਅੱਖਾਂ ਨੂੰ ਉਮਰ-ਸਬੰਧਤ ਨੁਕਸਾਨ ਤੋਂ ਬਚਾ ਸਕਦੇ ਹਨ। ਅੱਖਾਂ ਦੀ ਸਿਹਤ ਲਈ ਤੁਸੀਂ ਅਖਰੋਟ, ਬ੍ਰਾਜ਼ੀਲ ਨਟਸ, ਕਾਜੂ, ਮੂੰਗਫਲੀ, ਦਾਲ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।