ਤਰਨਤਾਰਨ: ਹਲਕਾ ਖੇਮਕਰਨ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮੱਦਰ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਏਨਾਂ ਜ਼ਿਆਦਾ ਵੱਧ ਗਿਆ ਕਿ ਇਸ ਵਿੱਚ ਇੱਕ ਬਜ਼ੁਰਗ ਵਿਆਕਤੀ ਦੀ ਜਾਨ ਚੱਲੀ ਗਈ।
ਇਸ ਹਾਦਸੇ ਬਾਰੇ ਮ੍ਰਿਤਕ ਦੇ ਵਾਰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਾਣੀ ਦੀ ਨਿਕਾਸੀ ਲਈ ਪੰਚਾਇਤ ਵਲੋਂ ਸਰਕਾਰੀ ਖਾਲ ਵਿੱਚ ਪੋਰੇ ਪਾਏ ਗਏ ਸਨ। ਪਰ ਇਸ ਗੱਲ ਦਾ ਵਿਰੋਧ ਗੁਰਭੇਜ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਦਿਨ ਸ਼ਨਿਚਰਵਾਰ ਨੂੰ ਉਸ ਨੇ 35-40 ਵਿਅਕਤੀਆਂ ਨੂੰ ਨਾਲ ਲੈ ਕੇ ਸਾਡੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਤੇਜ਼ਧਾਰ ਹਥਿਆਰਾਂ ਦੇ ਹਮਲੇ ਵਿੱਚ ਉਨ੍ਹਾਂ ਦੇ ਇੱਕ ਬਜ਼ਰੁਗ ਜਿਸ ਦਾ ਨਾਂਅ ਜੋਗਿੰਦਰ ਸਿੰਘ ਹੈ ਦੀ ਜਾਨ ਚਲੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਭੇਜ ਲੜਾਈ ਤੋਂ ਬਾਅਦ ਜਾਂਦਾ-ਜਾਂਦਾ ਆਪਣੀ ਰਿਬਾਲਵਰ ਨਾਲ ਹਵਾਈ ਫ਼ਾਇਰ ਵੀ ਕੱਢ ਕੇ ਗਿਆ।
ਉੱਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਜੋਗਿੰਦਰ ਸਿੰਘ ਹਰ ਰੋਜ਼ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਸ ਨੂੰ ਜਿਉਂਦਾ ਨਹੀਂ ਛੱਡੇਗਾ। ਦੂਜੀ ਧਿਰ ਦੇ ਜ਼ਖ਼ਮੀ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਲੜਾਈ ਵਿੱਚ ਉਸ ਦੀਆਂ ਟੰਗਾਂ ਉੱਤੇ ਡਾਂਗਾਂ ਨਾਲ ਵਾਰ ਕੀਤਾ।
ਇਸ ਪੂਰੇ ਮਾਮਲੇ ਬਾਰੇ ਜਦੋਂ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਜਲਦ ਹੀ ਖੇਮਕਰਨ ਦੇ ਹਸਪਤਾਲ ਵਿਖੇ ਪੁੱਜੇ। ਉਨ੍ਹਾਂ ਦੱਸਿਆ ਕਿ ਦੋ ਧਿਰਾਂ ਦੀ ਆਪਸ ਵਿੱਚ ਝੜਪ ਹੋਈ ਸੀ, ਜਿਸ ਵਿੱਚ ਜੋਗਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।