ਤਰਨਤਾਰਨ: ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਭੁੱਚਰ ਕਲਾਂ (Village Bhuchar Clan) ਵਿਖੇ ਇੱਕ ਬਜ਼ੁਰਗ ਜੋੜਾ ਆਪਣੇ ਤਿੰਨ ਪੋਤਰਿਆਂ ਨਾਲ ਛੱਪੜ ਕੰਢੇ ਰਾਤ ਨੂੰ ਬਗੈਰ ਪੱਖੇ ਤੋਂ ਮੱਛਰਾਂ ਵਿੱਚ ਜਿੱਥੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉੱਥੇ ਹੀ ਇਹ ਬਜ਼ੁਰਗ ਜੋੜਾ 24 ਘੰਟੇ ਮੌਤ ਦੇ ਸਾਏ ਵਿੱਚ ਗੁਜ਼ਾਰਨ ਲਈ ਮਜ਼ਬੂਰ ਹੈ ਅਤੇ ਉੱਤੋਂ ਗ਼ਰੀਬੀ ਦੀ ਮਾਰ ਪੈਂਦੇ ਹੋਏ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਚੁੱਕਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਜਦ ਇਸ ਬਜ਼ੁਰਗ ਜੋੜੇ ਨਾਲ ਰਾਬਤਾ ਕਾਇਮ ਕੀਤਾ ਗਿਆ, ਤਾਂ ਬਜ਼ੁਰਗ ਕਰਮੀ ਕੌਰ ਨੇ ਅਤੇ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਏਨੇ ਜ਼ਿਆਦਾ ਮਾੜੇ ਹਨ, ਕਿ ਹੁਣ ਤਾਂ ਉਹ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਉਨ੍ਹਾਂ ਦੇ ਤਿੰਨ ਪੋਤਰੇ ਉਨ੍ਹਾਂ ਦੇ ਕੋਲ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਅਤੇ ਪਿਉ ਦੀ ਹਾਲਤ ਵੀ ਠੀਕ ਨਹੀਂ ਰਹਿੰਦੀ, ਜਿਸ ਕਰਕੇ ਮਜ਼ਬੂਰ ਇਹ ਪੋਤਰਿਆਂ ਨੂੰ ਉਹ ਪਾਲ ਰਹੇ ਹਨ। ਬਜ਼ੁਰਗ ਜੋੜੇ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹਰ ਰੋਜ਼ ਮੰਗਣ ਲਈ ਜਾਂਦੇ ਹਨ, ਜੇ 2 ਵਕਤ ਦੀ ਰੋਟੀ ਮਿਲ ਜਾਂਦੀ ਹੈ, ਤਾਂ ਖਾ ਲੈਂਦੇ ਹਨ।
ਉੱਥੇ ਹੀ ਬਜ਼ੁਰਗ ਜੋੜੇ ਨੇ ਦੱਸਿਆ ਕਿ ਹੁਣ ਮੀਂਹ (rain) ਦੇ ਦਿਨਾਂ ਵਿੱਚ ਸਾਰੀ-ਸਾਰੀ ਰਾਤ ਉਨ੍ਹਾਂ ਦੇ ਕੋਠੇ ਚੋਦੇ ਰਹੇ ਅਤੇ ਸਾਰਾ ਘਰ ਦਾ ਸਾਮਾਨ ਕੱਪੜੇ ਲੀੜੇ ਸਭ ਇਸ ਮੀਂਹ ਕਾਰਨ ਭਿੱਜ ਗਏ ਅਤੇ ਉੱਤੋਂ ਇਹ ਖਾਦਸਾ ਬਣਿਆ ਹੋਇਆ ਹੈ ਕਿ ਕਿਸੇ ਸਮੇਂ ਵੀ ਇਹ ਕੋਠਾ ਡਿੱਗ ਸਕਦਾ ਹੈ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਮੇਂ ਕੋਠੇ ਦੇ ਡਿੱਗਣ ਦਾ ਖ਼ਤਰਾਂ ਬਣਿਆ ਰਹਿੰਦਾ ਹੈ।