ਤਰਨ ਤਾਰਨ: ਸਕੂਲ ਫ਼ੀਸ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਕੈਂਬਰਿਜ ਸਕੂਲ ਨੇ ਆਨਲਾਈਨ ਕਲਾਸ 'ਚੋਂ ਬਾਹਰ ਕਰ ਦਿੱਤਾ। ਜਿਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨੇ ਕੈਂਬਰਿਜ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਕੂਲ ਦੇ 300 ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ।
ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਕੈਂਬਰਿਜ ਸਕੂਲ ਵਿੱਚ ਦਾਖਲੇ ਕਰਵਾਏ ਸੀ ਜਿਸ ਦਾ ਖਰਚਾ ਉਨ੍ਹਾਂ ਨੂੰ ਹਰ ਸਾਲ ਪ੍ਰਤੀ ਵਿਦਿਆਰਥੀ ਇੱਕ ਲੱਖ ਦੇ ਕਰੀਬ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ 'ਚ ਸਰਕਾਰ ਨੇ ਸਿੱਖਿਅਕ ਅਦਾਰਿਆਂ ਨੂੰ ਬੰਦ ਕਰਨ ਦੀ ਹਦਾਇਤ ਦਿੱਤੀ ਸੀ ਜੋ ਕਿ ਅਜੇ ਤੱਕ ਬੰਦ ਹਨ। ਸਕੂਲ ਦੇ ਬੰਦ ਹੋਣ ਨਾਲ ਸਕੂਲ ਵਾਲਿਆਂ ਨੇ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ ਸੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਉੱਤੇ ਇਸ ਦਾ ਅਸਰ ਨਾ ਪਵੇ। ਆਨਲਾਈਨ ਪੜ੍ਹਾਈ ਦਾ ਹਵਾਲਾ ਦਿੰਦੇ ਹੋਏ ਸਕੂਲ ਵੱਲੋਂ ਲਗਾਤਾਰ ਵਿਦਿਆਰਥੀਆਂ ਦੇ ਮਾਪਿਆਂ ਉੱਤੇ ਸਕੂਲ ਦੀ ਫ਼ੀਸ ਦਾ ਭੁਗਤਾਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਬਾਅ ਦੇ ਤਹਿਤ ਜਿਨ੍ਹਾਂ ਮਾਪਿਆਂ ਨੇ ਸਕੂਲ ਦੀ ਫ਼ੀਸ ਦਾ ਭੁਗਤਾਨ ਨਹੀਂ ਕੀਤਾ ਉਨ੍ਹਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੇ ਗਰੁੱਪ ਵਿੱਚੋਂ ਬਾਹਰ ਕੀਤਾ ਜਾ ਰਿਹਾ ਹੈ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੈ।