ਤਰਨਤਾਰਨ:ਕਸਬਾ ਸਬਾਜਪੁਰਾ ਵਿਖੇ ਇੱਕ ਦਿਲ ਨੂੰ ਪਸੀਜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਪਹਿਲਾਂ ਤਾਂ ਇਹ ਬਜ਼ੁਰਗ ਔਰਤ ਦੇ ਤਿੰਨ ਪੁੱਤਰ ਨਸ਼ਿਆਂ ਦੀ ਭੇਟ ਚੜ੍ਹਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਦੋ ਵਕਤ ਦੀ ਰੋਟੀ ਨੂੰ ਵੀ ਬਜ਼ੁਰਗ ਔਰਤ ਤੇ ਉਸ ਦਾ ਪਰਿਵਾਰ ਤਰਸ ਰਿਹਾ ਹੈ। ਮਜਬੂਰੀ ਵਸ ਉਨ੍ਹਾਂ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਈ ਹੈ।
ਪੁੱਤਰਾਂ ਦੀ ਮੌਤ ਤੋਂ ਬਾਅਦ ਪਤੀ ਦਾ ਮਾਨਸਿਕ ਸਤੁੰਲਨ ਵਿਗੜਿਆ:ਇਸ ਸਬੰਧੀ ਜਾਣਕਾਰੀ ਪੀੜਤ ਬਜ਼ੁਰਗ ਔਰਤ ਸਤਨਾਮ ਕੌਰ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਹੈ ਕਿ ਪਹਿਲਾਂ ਤਾਂ ਉਸ ਦੇ ਜਵਾਨ ਪੁੱਤਾਂ ਨੂੰ ਨਸ਼ਿਆਂ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਗਮ ਨੂੰ ਨਾ ਸਹਾਰਦੇ ਹੋਏ ਉਸ ਦੇ ਪਤੀ ਦਾ ਦਿਮਾਗੀ ਸਤੁੰਲਨ ਵੀ ਵਿਗੜ ਗਿਆ। ਇਸ ਕਾਰਨ ਘਰ ਦਾ ਗੁਜਾਰਾ ਮੁਸ਼ਕਲ ਹੋ ਗਿਆ। ਪੀੜਤ ਬਜ਼ੁਰਗ ਔਰਤ ਸਤਨਾਮ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ ਉਸ ਦੀਆ ਦੋ ਲੜਕੀਆਂ ਅਤੇ ਇੱਕ ਲੜਕਾ ਹੈ, ਜਿਨ੍ਹਾਂ ਦਾ ਢਿੱਡ ਭਰਨ ਲਈ ਉਹ ਹਰ ਰੋਜ਼ ਦਰ ਦਰ ਦੀਆਂ ਠੋਕਰਾਂ ਖਾਂਦੇ ਹੋਏ ਲੋਕਾਂ ਦੇ ਘਰਾਂ ਵਿਚੋਂ ਵੀ ਪੰਜਾਹ ਰੁਪਏ ਲੈ ਕੇ ਆਉਂਦੀ ਹੈ ਅਤੇ ਉਨ੍ਹਾਂ ਦਾ ਢਿੱਡ ਭਰਦੀ ਹੈ।