ਪਰਿਵਾਰ ਨੇ ਮਦਦ ਦੀ ਲਾਈ ਗੁਹਾਰ ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ ਤੋਂ ਅਧੀਨ ਪੈਂਦੇ ਪਿੰਡ ਹਰੀਕੇ ਤੋਂ ਕੁਝ ਹੀ ਦੂਰੀ ਉੱਤੇ ਸਤਲੁਜ ਦਰਿਆ ਦੇ ਕੰਢੇ ਬਣੇ ਕੜੋਮ ਬੰਨ੍ਹ ਵਿੱਚ ਪਾੜ ਪੈ ਜਾਣ ਕਾਰਨ ਵੱਡੇ ਪੱਧਰ ਉੱਤੇ ਲੋਕਾਂ ਦੀ ਹੜਾਂ ਦੇ ਪਾਣੀ ਕਾਰਨ ਤਬਾਹੀ ਹੋਈ ਸੀ ਅਤੇ ਇਸ ਤਬਾਹੀ ਕਾਰਨ ਲੋਕ ਅਜੇ ਤੱਕ ਸੰਤਾਪ ਝਲ ਰਹੇ ਹਨ। ਇਨ੍ਹਾਂ ਹੜਾਂ ਦੀ ਭੇਟ ਚੜੇ ਇੱਕ ਪਰਿਵਾਰ ਨੇ ਕੈਮਰੇ ਦੇ ਸਾਹਮਣੇ ਆਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਨਰਕ ਨਾਲੋਂ ਵੀ ਜਿਆਦਾ ਬਦਤਰ ਹੋ ਚੁੱਕੇ ਹਨ, ਪਰ ਕਿਸੇ ਨੇ ਵੀ ਉਨਾਂ ਦੀ ਅਜੇ ਤੱਕ ਆ ਕੇ ਸਾਰ ਨਹੀਂ ਲਈ।
ਹੜ੍ਹ ਨੇ ਸਭ ਕੁਝ ਕੀਤਾ ਤਬਾਹ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਧਵਾ ਔਰਤ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਹੱਸਦਾ ਵੱਸਦਾ ਪਰਿਵਾਰ, ਚੰਗਾ ਘਰ ਅਤੇ ਛੇ ਕਿੱਲੇ ਜਮੀਨ ਦੇ ਉਹ ਮਾਲਕ ਸਨ। 25 ਸਾਲ ਬਾਅਦ ਆਏ ਇਸ ਹੜ੍ਹਾਂ ਦੇ ਪਾਣੀ ਨੇ ਉਨ੍ਹਾਂ ਦਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੀ ਜੋ ਛੇ ਕਿੱਲੇ ਜਮੀਨ ਸੀ, ਉਹ ਦਰਿਆ ਵਿੱਚ ਰੁੜ ਗਈ। ਹੜ੍ਹ ਦਾ ਪਾਣੀ ਦੇ ਖੜਾ ਹੋ ਜਾਣ ਕਾਰਨ ਉਨ੍ਹਾਂ ਦਾ ਸਾਰਾ ਘਰ ਢਹਿ ਢੇਰੀ ਹੋ ਗਿਆ ਜਿਸ ਕਾਰਨ ਘਰ ਵਿੱਚ ਇੱਕ ਕੱਪੜਾ ਤੱਕ ਅਤੇ ਕੋਈ ਵੀ ਸਮਾਨ ਨਹੀਂ ਬਚਿਆ। ਘਰ ਦਾ ਗੁਜ਼ਾਰਾ ਕਰਨ ਲਈ ਘਰ ਦਾ ਹੀ ਸਾਮਾਨ ਵੇਚਣ ਲਈ ਮਜਬੂਰ ਹੋਣਾ ਪੈ ਗਿਆ ਹੈ।
ਜੁੜਵਾਂ ਪੋਤਰਿਆਂ ਨੂੰ ਹੋਈ ਇੰਨਫੈਕਸ਼ਨ:ਪੀੜਤ ਵਿਧਵਾ ਔਰਤ ਨੇ ਦੱਸਿਆ ਕਿ ਉਸ ਦੇ ਕਰੀਬ ਦੋ-ਦੋ ਮਹੀਨਿਆਂ ਦੇ ਛੋਟੇ ਜੁੜਵਾਂ ਪੋਤਰੇ ਹਨ, ਜਿਨ੍ਹਾਂ ਨੂੰ ਇਸ ਦਰਿਆ ਦੇ ਗੰਦੇ ਪਾਣੀ ਕਾਰਨ ਭਿਆਨਕ ਖਾਰਿਸ਼ ਦੀ ਬਿਮਾਰੀ ਲੱਗ ਗਈ ਹੈ। ਇਸ ਦਾ ਉਹ ਅਜੇ ਤੱਕ ਇਲਾਜ ਨਹੀਂ ਕਰਵਾ ਪਾ ਰਹੇ, ਕਿਉਂਕਿ ਉਨ੍ਹਾਂ ਕੋਲ ਇਲਾਜ ਕਰਵਾਉਣ ਲਈ ਕੋਈ ਵੀ ਪੈਸਾ ਨਹੀਂ ਹੈ। ਪੀੜਤ ਵਿਧਵਾ ਔਰਤ ਨੇ ਭਰੇ ਮਨ ਨਾਲ ਦੱਸਿਆ ਕਿ ਘਰ ਵਿੱਚ ਨਾ ਕੋਈ ਰੋਟੀ, ਨਾ ਪਾਣੀ, ਇਥੋਂ ਤੱਕ ਕਿ ਰਾਤ ਗੁਜ਼ਾਰਨ ਲਈ ਉਨ੍ਹਾਂ ਦੇ ਸਿਰ ਉੱਤੇ ਛੱਤ ਵੀ ਨਹੀਂ ਹੈ। ਪਹਿਲਾਂ ਉਹ ਗੁਆਂਢ ਵਿੱਚ ਰਹਿੰਦੇ ਕਿਸੇ ਦੇ ਘਰ ਵਿੱਚ ਸੌਂਦੇ ਸੀ, ਪਰ ਉਨ੍ਹਾਂ ਨੇ ਵੀ ਹੁਣ ਜਵਾਬ ਦੇ ਦਿੱਤਾ ਹੈ।
ਮਦਦ ਦੀ ਲਾਈ ਗੁਹਾਰ: ਪੀੜਤ ਵਿਧਵਾ ਔਰਤ ਨੇ ਦੱਸਿਆ ਕਿ ਬੈਂਕ ਦਾ 8 ਲੱਖ ਰੁਪਏ ਕਰਜ਼ਾ ਸਿਰ ਉੱਤੇ ਸੀ ਜਿਸ ਦੇ ਚੱਲਦੇ ਉਸ ਦੇ ਪਤੀ ਦੀ ਅੱਜ ਤੋਂ ਛੇ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਪੀੜਤ ਵਿਧਵਾ ਔਰਤ ਤੇ ਉਸ ਦੇ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਈਲ ਨੰਬਰ ਹੈ 9915430114 ਅਤੇ ਬੈਂਕ ਅਕਾਊਂਟ ਨੰਬਰ ਹੈ Account No 84350100056644Ifsc coode PUNB0PGB003 ਹੈ।