ਗੋਇੰਦਵਾਲ ਸਾਹਿਬ :ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਕੇਸ ਵਿੱਚ ਬੰਦ ਇਕ ਕੈਦੀ ਦੀ ਹਾਲਤ ਵਿਗੜ ਗਈ। ਇਲਾਜ ਲਈ ਜਦੋਂ ਉਸ ਨੂੰ ਮੁਲਾਜ਼ਮਾਂ ਵੱਲੋਂ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ ਵਿੱਚ ਉਕਤ ਕੈਦੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿੰਦਰਪਾਲ ਸਿੰਘ ਵਾਸੀ ਕਸਬਾ ਭਿੱਖੀਵਿੰਡ ਦੇ ਪਰਿਵਾਰ ਦੇ ਮੈਂਬਰ ਨਰਿੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮਹਿੰਦਰਪਾਲ ਦਾ ਜੇਲ੍ਹ ਤੋਂ ਫੋਨ ਆਇਆ ਸੀ ਕਿ ਉਸ ਦੀ ਜੇਲ੍ਹ ਵਿਚ ਹਾਲਤ ਜ਼ਿਆਦਾ ਖਰਾਬ ਹੈ।
ਮੌਤ ਤੋਂ ਪਹਿਲਾਂ ਪਰਿਵਾਰ ਨੂੰ ਆਇਆ ਸੀ ਮਹਿੰਦਰਪਾਲ ਦਾ ਫੋਨ :ਜੇਲ੍ਹ ਪ੍ਰਸ਼ਾਸਨ ਉਸ ਦਾ ਇਲਾਜ ਨਹੀਂ ਕਰਵਾ ਰਿਹਾ। ਪਰਿਵਾਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਜੇਲ੍ਹ ਮੁਲਾਜ਼ਮਾਂ ਦਾ ਫੋਨ ਆਇਆ ਕਿ ਮਹਿੰਦਰਪਾਲ ਦੀ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਲਈ ਜੇਲ੍ਹ ਪ੍ਰਸ਼ਾਸਨ ਉਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਮਹਿੰਦਰਪਾਲ ਦਾ ਇਲਾਜ ਨਹੀਂ ਕਰਵਾਇਆ, ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੋਇੰਦਵਾਲ ਸਾਹਿਬ ਜੇਲ੍ਹ ਦੇ ਸੁਪਰਡੈਂਟ ਖਿਲਾਫ ਕਾਰਵਾਈ ਕੀਤੀ ਜਾਵੇ।