ਸ੍ਰੀ ਮੁਕਤਸਰ ਸਾਹਿਬ: ਸ਼ਹਿਰ ਦੇ ਅਬੋਹਰ ਰੋਡ 'ਤੇ ਸਥਿਤ ਪਨਸਪ ਏਜੰਸੀ ਦੇ ਦਫ਼ਤਰ ਦੇ ਪਿੱਛੇ ਟਾਵਰ ਦੀ ਅਰਥ ਵਾਲੀ ਤਾਰ ਤੋਂ ਕਰੰਟ ਲੱਗਣ ਕਾਰਨ ਇੱਕ 55 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਪਨਸਪ ਦਫ਼ਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਸਫਾਈ ਦਾ ਕੰਮ ਕਰਦੀ ਸੀ। ਮ੍ਰਿਤਕ ਦੀ ਮੌਤ ਪਨਸਪ ਦਫ਼ਤਰ ਦੀ ਛੱਤ 'ਤੇ ਲੱਗੇ ਹੋਏ ਮੋਬਾਈਲ ਟਾਵਰ 'ਚੋਂ ਨਿਕਲ ਰਹੀ ਅਰਥ ਵਾਲੀ ਤਾਰ ਵਿੱਚ ਕਰੰਟ ਆਉਣ ਕਰਕੇ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਅਮਰਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।