ਸੰਗਰੂਰ ਦਾ ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿੱਚ ਸ਼ਹੀਦ, ਪਿੰਡ ਵਿੱਚ ਸੋਗ ਸੰਗਰੂਰ:ਸਰਹੱਦ ਤੋਂ ਇਕ ਵਾਰ ਮੁੜ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ, ਜ਼ਿਲ੍ਹੇ ਦੇ ਸੁਨਾਮ ਨੇੜੇ ਛਾਜਲੀ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਵਿੱਚ ਤਾਇਨਾਤ ਸੀ। ਤਿੰਨ ਅਕਤੂਬਰ ਨੂੰ ਕਾਰਗਿਲ ਵਿੱਚ ਸ਼ਹੀਦ ਹੋ ਗਿਆ ਹੈ ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਵਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
CM ਮਾਨ ਨੇ ਦਿੱਤੀ ਸ਼ਰਧਾਂਜਲੀ:ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆਂ ਸ਼ਹੀਦ ਜਵਾਨ ਪਰਮਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਨੇ ਸ਼ਰਧਾਂਜਲੀ ਭੇਂਟ ਕਰਦਿਆ ਲਿਖਿਆ ਕਿ ਉਹ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਹਰ ਸੰਭਵ ਸਹਾਇਤ ਪਰਿਵਾਰ ਨੂੰ ਦਿੱਤੀ ਜਾਵੇਗੀ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਕਾਰਗਿਲ 'ਚ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਮਿਲੀ। ਸ਼ਹੀਦ ਜਵਾਨ ਦੇ ਦੇਸ਼ ਲਈ ਹੌਸਲੇ ਨੂੰ ਸਲਾਮ ਕਰਦਾ ਹਾਂ। ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ। ਇਸ ਔਖੀ ਘੜੀ ਵਿੱਚ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ। ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਇਕ ਸਾਲ ਪਹਿਲਾਂ ਹੋਇਆ ਸੀ ਵਿਆਹ: ਭਾਰਤੀ ਫੌਜ ਦੇ ਸ਼ਹੀਦ ਜਵਾਨ ਪਰਮਿੰਦਰ ਸਿੰਘ ਦਾ ਪਿਛਲੇ ਸਾਲ 2 ਅਕਤੂਬਰ ਨੂੰ ਹੀ ਵਿਆਹ ਹੋਇਆ ਸੀ। ਇੱਕ ਸਾਲ ਬਾਅਦ 3 ਅਕਤੂਬਰ ਨੂੰ ਉਹ ਕਾਰਗਿਲ ਵਿੱਚ ਸ਼ਹੀਦ ਹੋ ਗਿਆ ਸੀ, ਜਿਸ ਕਾਰਨ ਜਿੱਥੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਲੋਕ ਉਸ ਦੀ ਸ਼ਲਾਘਾ ਕਰ ਰਹੇ ਹਨ ਕਿ ਅਜਿਹੇ ਛੋਟੀ ਉਮਰ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਦੇ ਦਿੱਤੀ ਹੈ, ਉਨ੍ਹਾਂ ਨੂੰ ਇਸ ਗੱਲ ਦਾ ਮਾਣ ਵੀ ਹੈ।
ਪਿਤਾ ਵੀ ਫੌਜ ਚੋਂ ਰਿਟਾਇਰ:ਪਿੰਡ ਵਾਸੀ ਨੇ ਦੱਸਿਆ ਕਿ ਸ਼ਹੀਦ ਪਰਮਿੰਦਰ ਦਾ ਪਿਤਾ ਵੀ ਫੌਜ ਵਿੱਚ ਰਿਟਾਇਰ ਹੋ ਚੁੱਕੇ ਹਨ। ਇੱਥੋ ਤੱਕ ਕਿ ਪਰਮਿੰਦਰ ਸਿੰਘ ਦਾ ਛੋਟਾ ਭਰਾ ਵੀ ਫੌਜ ਵਿੱਚ ਹੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਸ਼ਾਂਤ ਸੁਭਾਅ ਵਾਲਾ ਵਿਅਕਤੀ ਸੀ ਅਤੇ ਅਜੇ ਸਾਲ ਪਹਿਲਾਂ ਵਿਆਹ ਹੋਇਆ, ਕੋਈ ਬੱਚਾ ਵੀ ਨਹੀਂ ਹੈ।