ਸੰਗਰੂਰ: ਪੰਜਾਬ ਦੇ ਸੁਨਾਮ ਦੀ ਰਹਿਣ ਵਾਲੀ ਓਲੰਪਿਕ ਵਿੱਚ ਸੋਨ ਤਮਗ਼ਾ ਜੇਤੂ ਅਥਲੀਟ ਸਾਗਰਦੀਪ ਕੌਰ ਦਾ ਪਰਿਵਾਰ ਇਨਸਾਫ਼ ਦੇ ਨਾਲ-ਨਾਲ ਉਸ ਦੀ ਮੌਤ ਦਾ ਸੱਚ ਜਾਨਣ ਦੀ ਵੀ ਮੰਗ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਸਾਗਰਦੀਪ ਕੌਰ ਦੀ 23 ਨਵੰਬਰ 2016 ਨੂੰ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪਰਿਵਾਰ ਸ਼ੰਕਾ ਵਿੱਚ ਹੈ ਅਤੇ ਮਾਮਲੇ ਦੀ ਘੋਖ ਦੀ ਮੰਗ ਕਰ ਰਿਹਾ ਹੈ।
ਮਰਹੂਮ ਸਾਗਰਦੀਪ ਕੌਰ ਦੇ ਪਿਤਾ ਸੁਖਸਾਗਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ ਦੇ ਅਹੁਦੇ ਉੱਤੇ ਤਾਇਨਾਤ ਸੀ। ਉਸ ਦਾ ਵਿਆਹ ਸਾਲ 2011 ਵਿੱਚ ਕੈਥਲ ਦੇ ਚੀਕਾ ਦੇ ਰਹਿਣ ਵਾਲੇ ਸਤਨਾਮ ਸਿੰਘ ਨਾਲ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਸਨ ਅਤੇ ਉਸ ਦੀ ਮੌਤ ਸਮੇਂ ਇੱਕ 4 ਸਾਲ ਦੀ ਅਤੇ ਇੱਕ 8 ਮਹੀਨਿਆਂ ਦੀ ਸੀ।
ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਸਾਗਰਦੀਪ ਦੇ ਸਹੁਰਿਆਂ ਦੇ ਘਰ ਪਹੁੰਚੇ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਦੱਸਿਆ ਕਿ ਸਕੂਟਰੀ ਨਾਲ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ 174 ਦੀ ਧਾਰਾ ਤਹਿਤ ਕਾਰਵਾਈ ਕੀਤੀ।
ਪੀੜਤ ਪਰਿਵਾਰ ਨੇ ਦੋਸ਼ ਲਾਏ ਹਨ ਕਿ ਸਾਗਰਦੀਪ ਦਾ ਪਤੀ ਇੱਕ ਔਰਤ ਨੂੰ ਫ਼ੋਨ ਕਰਦਾ ਸੀ, ਜਿਸ ਕਰ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਦੋਸ਼ ਲਾਏ ਹਨ ਕਿ ਜਦੋਂ ਵੀ ਉਹ ਪੁਲਿਸ ਅਧਿਕਾਰੀਆਂ ਕੋਲ ਮਾਮਲੇ ਦੀ ਜਾਂਚ ਵਾਸਤੇ ਜਾਂਦੇ ਸਨ ਤਾਂ ਉਹ ਟਾਲ ਦਿੰਦੇ।