ਬਰਨਾਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਵੱਢਣ ਲਈ ਕੁਝ ਰਾਹਤ ਦਿੱਤੀ ਗਈ ਜਿਸ ਦੇ ਚੱਲਦਿਆਂ 15 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ 15 ਅਪ੍ਰੈਲ ਤੋਂ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ, ਜਿਸ ਨੂੰ ਜ਼ਮੀਨੀ ਪੱਧਰ 'ਤੇ ਦੇਖਣ ਲਈ ਈਟੀਵੀ ਭਾਰਤ ਦੀ ਟੀਮ ਪਿੰਡਾਂ ਦੀਆਂ ਮੰਡੀਆਂ ਵਿੱਚ ਪਹੁੰਚੀ।
ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਦੂਜੇ ਦਿਨ ਵੀ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਕੀਤੇ ਗਏ। ਖਰੀਦ ਸ਼ੁਰੂ ਹੋਣ ਦੇ ਦੂਜੇ ਦਿਨ ਵੀ ਪਿੰਡਾਂ ਦੀਆਂ ਮੰਡੀਆਂ ਵਿੱਚ ਸਰਕਾਰੀ ਅਧਿਕਾਰੀ ਨਹੀਂ ਪਹੁੰਚੇ ਅਤੇ ਨਾ ਹੀ ਹੋਰ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਹੋਰ ਤਾਂ ਹੋਰ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਦੇ ਵੀ ਪ੍ਰਬੰਧ ਨਹੀਂ ਕੀਤੇ ਗਏ।
ਕਿਸਾਨਾਂ ਨੇ ਦੱਸਿਆ ਕਿ ਉਹ ਆਪਣੀ ਫਸਲ ਲੈ ਕੇ ਮੰਡੀਆਂ ਵਿੱਚ ਪਹੁੰਚ ਚੁੱਕੇ ਹਨ ਪਰ ਇਥੇ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਹੈ ਅਤੇ ਨਾ ਹੀ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਅਜੇ ਤਾਂ ਮੰਡੀਆਂ ਦੀ ਸਫ਼ਾਈ ਵੀ ਮੁਕੰਮਲ ਨਹੀਂ ਹੋਈ ਅਤੇ ਮੰਡੀਆਂ ਵਿੱਚ ਗੋਹਾ ਤੱਕ ਖਿੱਲਰਿਆ ਪਿਆ ਹੈ।