ਰੂਪਨਗਰ : ਕੋਰੋਨਾ ਮਹਾਂਮਾਰੀ ਦੇ ਚਲਦੇ ਲੌਕਡਾਊਨ ਦੌਰਾਨ ਕਈ ਕਾਰੋਬਾਰ ਪ੍ਰਭਾਵਤ ਹੋਏ ਤੇ ਕਈ ਪੂਰੀ ਤਰ੍ਹਾਂ ਠੱਪ ਪੈ ਗਏ। ਇਸ ਮਗਰੋਂ ਕਾਰੋਬਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਆਰਥਿਕ ਤੰਗੀ ਨਾਲ ਜੂਝ ਰਹੇ ਲੋਕਾਂ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਦੀਨ ਦਿਆਲ ਅੰਤੋਦਿਆ ਯੋਜਨਾ ਬੇਹਦ ਲਾਹੇਵੰਦ ਹੈ।
ਕੀ ਹੈ ਦੀਨ ਦਿਆਲ ਅੰਤੋਦਿਆ ਯੋਜਨਾ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੀਨ ਦਿਆਲ ਅੰਤੋਦਿਆ ਯੋਜਨਾ ਦੇ ਪ੍ਰੋਜੈਕਟ ਮੈਨੇਜਰ ਪ੍ਰਵੀਨ ਡੋਗਰਾ ਨੇ ਦੱਸਿਆ ਕਿ ਇਹ ਯੋਜਨਾ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਕੋਈ ਵੀ ਸ਼ਹਿਰ ਵਾਸੀ ਲੋਨ ਯੋਜਨਾ ਦਾ ਲਾਭ ਲੈ ਸਕਦਾ ਹੈ। ਕੋਈ ਵੀ ਅਜਿਹਾ ਵਿਅਕਤੀ ਜਿਸ ਦੀ ਸਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੈ ਉਹ ਇਸ ਯੋਜਨਾ ਤਹਿਤ ਲੋਨ ਦਾ ਲਾਭ ਹਾਸਲ ਕਰ ਸਕਦਾ ਹੈ। ਦੀਨ ਦਿਆਲ ਅੰਤੋਦਿਆ ਯੋਜਨਾ ਅਧੀਨ ਲਾਭਪਾਤਰੀ ਨੂੰ ਦੋ ਲੱਖ ਰੁਪਏ ਦਾ ਲੋਨ ਮਿਲਦਾ ਹੈ। ਇਨ੍ਹਾਂ ਨਾਲ ਉਹ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਜਾਂ ਫਿਰ ਇਸ ਰਕਮ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾ ਸਕਦਾ ਹੈ। ਲਾਭਪਾਤਰੀ ਨੂੰ ਇਹ ਦੋ ਲੱਖ ਰੁਪਏ 7 ਫੀਸਦੀ ਵਿਆਜ ਦਰ 'ਤੇ ਸੱਤ ਸਾਲ ਦੀ ਸਮੇਂ ਹੱਦ ਵਿੱਚ ਵਾਪਸ ਕਰਨਾ ਹੁੰਦਾ ਹੈ।